Gaganyaan Mission ਦੀ ਟੈਸਟ ਫਲਾਈਟ ਸਫ਼ਲ, ਚਾਲਕ ਦਲ ਦੀ ਬਚਣ ਦੀ ਸਮਰੱਥਾ ਦੀ ਕੀਤੀ ਗਈ ਜਾਂਚ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਨੂੰ ਟੈਸਟ ਵਹੀਕਲ ਐਬੋਰਟ ਮਿਸ਼ਨ-1 ਅਤੇ ਟੈਸਟ ਵਹੀਕਲ ਡਿਵੈਲਪਮੈਂਟ ਫਲਾਇੰਟ (ਟੀਵੀ-ਡੀ1) ਵੀ ਕਿਹਾ ਜਾ ਰਿਹਾ ਹੈ

Gaganyaan

ਨਵੀਂ ਦਿੱਲੀ - ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਗਗਨਯਾਨ ਮਿਸ਼ਨ ਦੀ ਪਹਿਲੀ ਪਰੀਖਣ ਉਡਾਣ ਲਾਂਚ ਕਰ ਦਿੱਤੀ ਗਈ ਹੈ। ਇਸਰੋ ਨੇ ਇਸ ਨੂੰ 21 ਅਕਤੂਬਰ ਨੂੰ ਸਵੇਰੇ 10 ਵਜੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਹੈ। ਗਗਨਯਾਨ ਮਿਸ਼ਨ ਦੀ ਇਹ ਪਹਿਲੀ ਪਰੀਖਣ ਉਡਾਣ ਸੀ। ਇਸ ਦੇ ਸਫ਼ਲ ਪ੍ਰੀਖਣ ਤੋਂ ਬਾਅਦ, ਭਾਰਤ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਜਾਵੇਗਾ ਜੋ ਆਪਣੇ ਖ਼ੁਦ ਦੇ ਪੁਲਾੜ ਯਾਨ ਨੂੰ ਲਾਂਚ ਕਰ ਸਕਦੇ ਹਨ। 

ਇਸ ਨੂੰ ਟੈਸਟ ਵਹੀਕਲ ਐਬੋਰਟ ਮਿਸ਼ਨ-1 ਅਤੇ ਟੈਸਟ ਵਹੀਕਲ ਡਿਵੈਲਪਮੈਂਟ ਫਲਾਇੰਟ (ਟੀਵੀ-ਡੀ1) ਵੀ ਕਿਹਾ ਜਾ ਰਿਹਾ ਹੈ। ਇਹ ਫਲਾਈਟ ਅਬੌਰਟ ਟੈਸਟ ਵਾਹਨ ਦੇ ਚਾਲਕ ਦਲ ਦੇ ਬਚਣ ਦੀ ਪ੍ਰਣਾਲੀ ਦੀ ਸਮਰੱਥਾ ਨੂੰ ਪਰਖਣ ਲਈ ਕੀਤਾ ਗਿਆ ਸੀ। ਇਹ ਉਦੋਂ ਵਰਤਿਆ ਜਾਂਦਾ ਹੈ ਜਦੋਂ ਚਾਲਕ ਦਲ ਨੂੰ ਐਮਰਜੈਂਸੀ ਵਿੱਚ ਖਾਲੀ ਕਰਨ ਦੀ ਲੋੜ ਹੁੰਦੀ ਹੈ।

ਗਗਨਯਾਨ ਮਿਸ਼ਨ ਦਾ ਉਦੇਸ਼ ਮਨੁੱਖਾਂ ਨੂੰ ਤਿੰਨ ਦਿਨਾਂ ਦੇ ਮਿਸ਼ਨ ਲਈ ਧਰਤੀ ਦੇ 400 ਕਿਲੋਮੀਟਰ ਹੇਠਲੇ ਪੰਧ ਵਿਚ ਪੁਲਾੜ ਵਿਚ ਭੇਜਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੂਪ ਵਿਚ ਧਰਤੀ ਉੱਤੇ ਵਾਪਸ ਲਿਆਉਣਾ ਹੈ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਟੀਵੀ-ਡੀਵੀ1 (ਕਰੂ ਮਾਡਿਊਲ) ਮਿਸ਼ਨ ਨੂੰ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ ਹੈ। ਉਨ੍ਹਾਂ ਇਸ ਸਫ਼ਲਤਾ ਲਈ ਇਸਰੋ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ।   

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਮਿਸ਼ਨ ਨੂੰ ਦੋ ਵਾਰ ਮੁਲਤਵੀ ਕੀਤਾ ਗਿਆ ਸੀ। ਇਸ ਨੂੰ 8 ਵਜੇ ਲਾਂਚ ਕੀਤਾ ਜਾਣਾ ਸੀ ਪਰ ਖ਼ਰਾਬ ਮੌਸਮ ਕਾਰਨ ਇਸ ਦਾ ਸਮਾਂ ਬਦਲ ਕੇ 8.45 ਕਰ ਦਿੱਤਾ ਗਿਆ। ਫਿਰ ਇੰਜਣ ਲਾਂਚ ਕਰਨ ਤੋਂ 5 ਸਕਿੰਟ ਪਹਿਲਾਂ ਫਾਇਰ ਕਰਨ ਵਿਚ ਅਸਫ਼ਲ ਰਹੇ ਅਤੇ ਮਿਸ਼ਨ ਨੂੰ ਰੋਕ ਦਿੱਤਾ ਗਿਆ। ਇਸਰੋ ਨੇ ਕੁਝ ਸਮੇਂ ਬਾਅਦ ਇਸ ਖ਼ਰਾਬੀ ਨੂੰ ਠੀਕ ਕਰ ਦਿੱਤਾ।