Mumbai News: ਦੀਵਾਲੀ ਵਾਲੇ ਦਿਨ ਛੇ ਸਾਲ ਦੀ ਬੱਚੀ ਸਮੇਤ ਜ਼ਿੰਦਾ ਸੜੇ ਚਾਰ ਲੋਕ
Mumbai News: ਇਮਾਰਤ ਵਿਚ ਅੱਗ ਲੱਗਣ ਕਾਰਨ ਵਾਪਰੀ ਘਟਨਾ, ਲੋਕ ਹੋਏ ਗੰਭੀਰ ਜ਼ਖ਼ਮੀ
Mumbai Multi-storey building Fire News : ਮੁੰਬਈ ਦੇ ਨਾਲ ਲੱਗਦੇ ਨਵੀਂ ਮੁੰਬਈ ਦੇ ਵਾਸ਼ੀ ਇਲਾਕੇ ਵਿੱਚ ਬੀਤੀ ਦੇਰ ਰਾਤ ਇੱਕ ਉੱਚੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਛੇ ਸਾਲ ਦੀ ਬੱਚੀ ਸਮੇਤ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਜਦਕਿ 11 ਲੋਕ ਝੁਲਸ ਗਏ। ਮ੍ਰਿਤਕਾਂ ਦੀ ਪਛਾਣ 6 ਸਾਲਾ ਵੇਦਿਕਾ ਸੁੰਦਰ ਬਾਲਾਕ੍ਰਿਸ਼ਨਨ, ਕਮਲਾ ਹੀਰਲ ਜੈਨ (84), ਸੁੰਦਰ ਬਾਲਾਕ੍ਰਿਸ਼ਨਨ (44) ਅਤੇ ਪੂਜਾ ਰਾਜਨ (39) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਹਾਦਸਾ ਵਾਸ਼ੀ ਸੈਕਟਰ-14 ਸਥਿਤ ਰਹੇਜਾ ਰੈਜ਼ੀਡੈਂਸੀ ਹਾਊਸਿੰਗ ਸੋਸਾਇਟੀ ਵਿਚ ਰਾਤ 1 ਵਜੇ ਦੇ ਕਰੀਬ ਵਾਪਰਿਆ, ਜਦੋਂ ਇਮਾਰਤ ਵਿੱਚ ਸਾਰੇ ਲੋਕ ਦੀਵਾਲੀ ਮਨਾਉਣ ਤੋਂ ਬਾਅਦ ਸੌਂ ਰਹੇ ਸਨ। ਅੱਗ ਦਸਵੀਂ ਮੰਜ਼ਿਲ ਤੋਂ ਸ਼ੁਰੂ ਹੋਈ ਅਤੇ ਤੇਜ਼ੀ ਨਾਲ 11ਵੀਂ ਅਤੇ 12ਵੀਂ ਮੰਜ਼ਿਲ ਤੱਕ ਫੈਲ ਗਈ। ਧੂੰਏਂ ਅਤੇ ਅੱਗ ਨੇ ਜਲਦੀ ਹੀ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਅੱਗ ਬੁਝਾਊ ਦਸਤੇ ਦੀਆਂ 10 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਬਚਾਅ ਅਤੇ ਰਾਹਤ ਕਾਰਜਾਂ ਦੌਰਾਨ, ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਕੁਝ ਲੋਕਾਂ ਨੂੰ ਧੂੰਏਂ ਕਾਰਨ ਸਾਹ ਲੈਣ ਵਿੱਚ ਤਕਲੀਫ਼ ਹੋਈ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਸਥਾਨਕ ਲੋਕਾਂ ਅਨੁਸਾਰ ਅੱਗ ਲੱਗਣ ਤੋਂ ਬਾਅਦ ਇਮਾਰਤ ਦੇ ਅੰਦਰ ਹਫੜਾ-ਦਫੜੀ ਮਚ ਗਈ, ਕਈ ਲੋਕ ਬਾਲਕੋਨੀ ਵਿੱਚ ਫਸ ਗਏ, ਜਿਨ੍ਹਾਂ ਨੂੰ ਬਾਅਦ ਵਿੱਚ ਫਾਇਰਮੈਨਾਂ ਨੇ ਪੌੜੀਆਂ ਅਤੇ ਹਾਈਡ੍ਰੌਲਿਕ ਲਿਫ਼ਟ ਦੀ ਮਦਦ ਨਾਲ ਹੇਠਾਂ ਉਤਾਰਿਆ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਪਰ ਫ਼ਾਇਰ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਇਸ ਸਮੇਂ ਘਟਨਾ ਸਥਾਨ 'ਤੇ ਹਨ ਅਤੇ ਬਚਾਅ ਕਾਰਜ ਸਵੇਰ ਤੱਕ ਜਾਰੀ ਰਹਿਣਗੇ।