ਟੁੱਟੇ ਸੁਪਨਿਆਂ ਨਾਲ ਅਮਰੀਕਾ ਤੋਂ ਪਰਤੇ 150 ਭਾਰਤੀ, ਬਹੁਤੇ ਪੰਜਾਬੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਜਾਇਜ਼ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਏ, ਏਜੰਟਾਂ ਨੂੰ ਦਿਤੀਆਂ ਮੋਟੀਆਂ ਰਕਮਾਂ

150 Indians in US deported for violating visa norms

ਨਵੀਂ ਦਿੱਲੀ: ਅਮਰੀਕਾ ਵਿਚ ਕਮਾਈ ਕਰਨ ਦਾ ਸੁਪਨਾ ਟੁੱਟ ਜਾਣ ਅਤੇ ਅਮਰੀਕਾ ਜਾਣ 'ਚ ਲਗੀਆਂ ਮੋਟੀਆਂ ਰਕਮਾਂ ਗਵਾਉਣ ਮਗਰੋਂ ਲਗਭਗ 150 ਭਾਰਤੀ ਦੇਸ਼ ਪਰਤ ਆਏ। ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਅਤੇ ਨਾਜਾਇਜ਼ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੇ ਦੋਸ਼ ਹੇਠ ਇਨ੍ਹਾਂ ਭਾਰਤੀਆਂ ਨੂੰ ਵਾਪਸ ਭਾਰਤ ਭੇਜ ਦਿਤਾ ਗਿਆ। ਦੇਸ਼ ਪਰਤਣ ਵਾਲਿਆਂ ਵਿਚ ਬਹੁਤੇ ਪੰਜਾਬੀ ਹਨ। ਹਵਾਈ ਅੱਡੇ ਵਿਚੋਂ ਵਾਰੋ-ਵਾਰੀ ਨਿਕਲਦੇ ਇਨ੍ਹਾਂ ਵਿਅਕਤੀਆਂ ਦੇ ਚਿਹਰਿਆਂ 'ਤੇ ਉਦਾਸੀ ਛਾਈ ਹੋਈ ਸੀ।

ਕਈਆਂ ਨੇ ਕਿਹਾ ਕਿ ਉਹ ਬਹੁਤ ਉਦਾਸ ਅਤੇ ਟੁੱਟੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਕਈ ਵਾਰ ਦੇ ਯਤਨਾਂ ਮਗਰੋਂ ਵੀ ਅਮਰੀਕਾ ਵਿਚ ਬਿਹਤਰ ਜ਼ਿੰਦਗੀ ਦਾ ਉਨ੍ਹਾਂ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਪੰਜਾਬ ਦੇ ਬਠਿੰਡਾ ਦੇ 24 ਸਾਲਾ ਜਬਰਜੰਗ ਸਿੰਘ ਨੇ ਕਿਹਾ, 'ਇਹ ਚੌਥੀ ਵਾਰ ਹੈ ਜਦ ਮੈਨੂੰ ਭਾਰਤ ਵਾਪਸ ਭੇਜਿਆ ਗਿਆ ਹੈ।' ਉਸ ਨੇ ਕਿਹਾ, 'ਮੈਂ 15 ਮਈ ਨੂੰ ਉਡਾਨ ਭਰੀ ਸੀ ਅਤੇ ਮਾਸਕੋ ਤੇ ਪੈਰਿਸ ਹੁੰਦੇ ਹੋਏ ਮੈਕਸਿਕੋ ਪੁੱਜਾ ਸੀ। ਉਥੋਂ 16 ਮਈ ਨੂੰ ਮੈ ਕੈਲੇਫ਼ੋਰਨੀਆ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਮੈਨੂੰ ਫੜ ਲਿਆ ਅਤੇ ਐਰੀਜ਼ੋਨਾ ਤੋਂ ਦੇਸ਼ ਵਾਪਸ ਭੇਜ ਦਿਤਾ।'

ਉਸ ਨੇ ਦਸਿਆ ਕਿ ਉਸ ਨੇ ਚਾਰ ਵਾਰ ਦੇ ਅਪਣੇ ਯਤਨ ਵਿਚ 24 ਲੱਖ ਰੁਪਏ ਖ਼ਰਚ ਕੀਤੇ ਅਤੇ 40 ਲੱਖ ਰੁਪਏ ਕਾਨੂੰਨੀ ਸਲਾਹ 'ਤੇ ਖ਼ਰਚੇ। ਦੇਸ਼ ਪਰਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਅਮਰੀਕਾ ਵਿਚ ਦਾਖ਼ਲ ਹੋਣ ਲਈ ਅੰਮ੍ਰਿਤਸਰ ਦੇ ਏਜੰਟ ਨੂੰ 25 ਲੱਖ ਰੁਪਏ ਦਿਤੇ ਸਨ। ਉਸ ਨੇ ਦਸਿਆ, 'ਏਜੰਟ ਨੇ ਉਸ ਨੂੰ ਦੋ ਮਈ ਨੂੰ ਮਾਸਕੋ ਅਤੇ ਪੈਰਿਸ ਹੁੰਦੇ ਹੋਏ ਮੈਕਸਿਕੋ ਭੇਜਿਆ। ਜਦ ਮੈਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪੁਲਿਸ ਨੇ ਮੈਨੂੰ ਫੜ ਲਿਆ ਅਤੇ ਅਮਰੀਕਾ ਦੇ ਐਰੀਜ਼ੋਨਾ ਤੋਂ ਭਾਰਤ ਭੇਜ ਦਿਤਾ।'

ਹਵਾਈ ਅੱਡੇ ਦੇ ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਨੂੰ ਲਿਆ ਰਿਹਾ ਵਿਸ਼ੇਸ਼ ਜਹਾਜ਼ ਸਵੇਰੇ ਛੇ ਵਜੇ ਦਿੱਲੀ ਹਵਾਈ ਅੱਡੇ ਦੇ ਟਰਮੀਨਲ ਨੰਬਰ ਤਿੰਨ 'ਤੇ ਪੁੱਜਾ। ਜਹਾਜ਼ ਬੰਗਲਾਦੇਸ਼ ਹੁੰਦੇ ਹੋਏ ਭਾਰਤ ਪਹੁੰਚਿਆ। ਅਧਿਕਾਰੀਆਂ ਨੇ ਦਸਿਆ ਕਿ ਵਿਭਾਗ ਨੇ ਜ਼ਰੂਰੀ ਕਾਗ਼ਜ਼ੀ ਕੰਮ ਪੂਰਾ ਕੀਤਾ ਅਤੇ ਫਿਰ ਇਕ ਇਕ ਕਰ ਕੇ ਸਾਰੇ 150 ਯਾਤਰੀ ਹਵਾਈ ਅੱਡੇ ਤੋਂ ਬਾਹਰ ਆਏ।

ਪਹਿਲਾਂ ਵੀ 300 ਭਾਰਤੀ ਵਾਪਸ ਆਏ
ਸਾਰੇ 150 ਭਾਰਤੀਆਂ ਨੇ ਜਾਂ ਤਾਂ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਸੀ ਜਾਂ ਫਿਰ ਇਹ ਨਾਜਾਇਜ਼ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਏ ਸਨ। ਇਸ ਤੋਂ ਪਹਿਲਾਂ ਇਮੀਗਰੇਸ਼ਨ ਅਧਿਕਾਰੀਆਂ ਨੇ 18 ਅਕਤੂਬਰ ਨੂੰ ਔਰਤ ਸਮੇਤ 300 ਤੋਂ ਵੱਧ ਭਾਰਤੀਆਂ ਨੂੰ ਦੇਸ਼ ਵਾਪਸ ਭੇਜਿਆ ਸੀ ਕਿਉਂਕਿ ਇਹ ਸਾਰੇ ਅਮਰੀਕਾ ਜਾਣ ਦੇ ਇਰਾਦੇ ਨਾਲ ਨਾਜਾਇਜ਼ ਢੰਗ ਨਾਲ ਮੈਕਸਿਕੋ ਵਿਚ ਵੜੇ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।