ਚੰਡੀਗੜ੍ਹ ਹਾਊਸਿੰਗ ਬੋਰਡ ਦੀ ਕਾਰਵਾਈ ’ਚ ਰੁਕਾਵਟ ਪਾਉਣ ਦੇ ਮਾਮਲੇ ’ਚ 2 ਭਾਜਪਾ ਆਗੂ ਗ੍ਰਿਫ਼ਤਾਰ
ਸੈਕਟਰ 29 ਵਿਚ ਪੁਲਿਸ ਸੁਰੱਖਿਆ ਦਰਮਿਆਨ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਟੀਮ ਘਰਾਂ ਵਿਚ ਨਾਜਾਇਜ਼ ਤੌਰ ’ਤੇ ਬਣਾਏ ਗਏ ਢਾਂਚੇ ਨੂੰ ਢਾਹੁਣ ਲਈ ਪਹੁੰਚੀ ਸੀ।
ਚੰਡੀਗੜ੍ਹ: ਨਗਰ ਨਿਗਮ, ਅਸਟੇਟ ਦਫ਼ਤਰ ਅਤੇ ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਕਬਜ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਵਿਚ ਰੁਕਾਵਟ ਪਾਉਣ ਦੇ ਚੱਲਦਿਆਂ ਪੁਲਿਸ ਨੇ ਦੋ ਭਾਜਪਾ ਆਗੂਆਂ ਨੂੰ ਹਿਰਾਸਤ ਵਿਚ ਲਿਆ ਹੈ। ਦਰਅਸਲ ਸੈਕਟਰ 29 ਵਿਚ ਪੁਲਿਸ ਸੁਰੱਖਿਆ ਦਰਮਿਆਨ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਟੀਮ ਘਰਾਂ ਵਿਚ ਨਾਜਾਇਜ਼ ਤੌਰ ’ਤੇ ਬਣਾਏ ਗਏ ਢਾਂਚੇ ਨੂੰ ਢਾਹੁਣ ਲਈ ਪਹੁੰਚੀ ਸੀ।
ਚੰਡੀਗੜ੍ਹ ਭਾਜਪਾ ਦੇ ਕੁਝ ਆਗੂਆਂ ਨੇ ਮੌਕੇ ’ਤੇ ਪਹੁੰਚ ਕੇ ਸਰਕਾਰੀ ਕੰਮਕਾਜ ’ਚ ਵਿਘਨ ਪਾਉਂਦਿਆਂ ਮੁਲਾਜ਼ਮਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇੰਡਸਟਰੀਅਲ ਏਰੀਆ ਥਾਣੇ ਦੇ ਐਸਐਚਓ ਰਾਮ ਰਤਨ ਵੀ ਮੌਕੇ ’ਤੇ ਪਹੁੰਚੇ। ਪੁਲਿਸ ਨੇ ਭਾਜਪਾ ਆਗੂ ਨਰੇਸ਼ ਅਰੋੜਾ ਅਤੇ ਹਾਲ ਹੀ ਵਿਚ ਭਾਜਪਾ ਵਿਚ ਸ਼ਾਮਲ ਹੋਏ ਸ਼ਸ਼ੀ ਸ਼ੰਕਰ ਤਿਵਾੜੀ ਅਤੇ ਹੋਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਰਹੇ। ਜਿਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਪੁਲਿਸ ਉਹਨਾਂ ਨੂੰ ਕਾਰ ਵਿਚ ਬਿਠਾ ਕੇ ਲੈ ਗਈ। ਜਿਸ ਤੋਂ ਬਾਅਦ ਵਿਭਾਗ ਵੱਲੋਂ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਗਈ। ਸਥਾਨਕ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਸਮੇਂ ਲਈ ਹਿਰਾਸਤ ਵਿਚ ਰੱਖਿਆ ਗਿਆ ਅਤੇ ਬਾਅਦ ਵਿਚ ਛੱਡ ਦਿੱਤਾ ਗਿਆ। ਬੋਰਡ ਦੇ ਮੁਲਾਜ਼ਮਾਂ ਨੂੰ ਵੀ ਨਾਜਾਇਜ਼ ਉਸਾਰੀਆਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸਥਾਨਕ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਪੁਲਿਸ ਦੀ ਮੌਜੂਦਗੀ ਵਿਚ ਇਹ ਅਭਿਆਨ ਚਲਾਇਆ ਗਿਆ।
ਦੱਸ ਦਈਏ ਕਿ ਸ਼ਹਿਰ 'ਚ ਲਗਾਤਾਰ ਗੈਰ-ਕਾਨੂੰਨੀ ਢੰਗ ਨਾਲ ਉਸਾਰੀਆਂ ਕਰਨ ਵਾਲਿਆਂ ਨੂੰ ਸਥਾਨਕ ਆਗੂਆਂ ਦੀ ਸ਼ਹਿ ਪ੍ਰਾਪਤ ਹੈ। ਅਜਿਹੇ 'ਚ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਕਰਨ 'ਚ ਵੀ ਰੁਕਾਵਟ ਪੈਦਾ ਹੁੰਦੀ ਹੈ। ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਯਸ਼ਪਾਲ ਗਰਗ ਨੇ ਦੱਸਿਆ ਕਿ ਸ਼ਹਿਰ ਦੇ ਕਈ ਸੈਕਟਰਾਂ ਵਿਚ ਨਾਜਾਇਜ਼ ਉਸਾਰੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ। ਵਿਭਾਗ ਵੱਲੋਂ ਭਵਿੱਖ ਵਿਚ ਵੀ ਅਜਿਹੀਆਂ ਮੁਹਿੰਮਾਂ ਚਲਾਈਆਂ ਜਾਣਗੀਆਂ।