ਪੰਜਾਬ ਕੇਡਰ ਦੇ ਸਾਬਕਾ IAS ਅਰੁਣ ਗੋਇਲ ਨੇ ਚੋਣ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਤੇ ਚੋਣ ਕਮਿਸ਼ਨਰ ਅਨੂਪ ਚੰਦਰਾ ਪਾਂਡੇ ਨਾਲ ਹੋਣਗੇ ਚੋਣ ਕਮਿਸ਼ਨ ਦਾ ਹਿੱਸਾ

Retired IAS Arun Goel takes charge as Election Commissioner

2027 ਤੱਕ ਨਿਭਾਉਣਗੇ ਸੇਵਾਵਾਂ
ਨਵੀਂ ਦਿੱਲੀ :
ਪੰਜਾਬ ਕੇਡਰ ਦੇ 1985 ਬੈਚ ਦੇ ਸਾਬਕਾ ਆਈਏਐਸ ਅਧਿਕਾਰੀ ਅਰੁਣ ਗੋਇਲ ਨੇ ਸੋਮਵਾਰ ਨੂੰ ਦਿੱਲੀ ਵਿੱਚ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ। ਇਹ ਜਾਣਕਾਰੀ ਚੋਣ ਕਮਿਸ਼ਨ (ਈਸੀ) ਨੇ ਦਿੱਤੀ ਹੈ। ਪਿਛਲੇ ਸ਼ਨੀਵਾਰ ਹੀ ਅਰੁਣ ਗੋਇਲ ਨੂੰ ਚੋਣ ਕਮਿਸ਼ਨਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਅਰੁਣ ਗੋਇਲ ਨੇ 18 ਨਵੰਬਰ ਨੂੰ ਸਵੈ-ਇੱਛਤ ਸੇਵਾਮੁਕਤੀ ਲੈ ਲਈ ਸੀ।

ਜਦੋਂ ਕਿ ਉਨ੍ਹਾਂ ਨੇ 31 ਦਸੰਬਰ 2022 ਨੂੰ 60 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋਣਾ ਸੀ। ਉਹ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਅਨੂਪ ਚੰਦਰਾ ਪਾਂਡੇ ਦੇ ਨਾਲ ਚੋਣ ਕਮਿਸ਼ਨ ਦਾ ਹਿੱਸਾ ਹੋਣਗੇ। ਇਸ ਤੋਂ ਪਹਿਲਾਂ ਅਰੁਣ ਗੋਇਲ ਉਦਯੋਗ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਸਨ। ਉਹ ਸੱਭਿਆਚਾਰਕ ਮੰਤਰਾਲੇ ਵਿੱਚ ਵੀ ਕੰਮ ਕਰ ਚੁੱਕੇ ਹਨ। ਮਈ 2022 ਵਿੱਚ ਸੁਸ਼ੀਲ ਚੰਦਰਾ ਦੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਚੋਣ ਕਮਿਸ਼ਨ ਵਿੱਚ ਇੱਕ ਅਹੁਦਾ ਖ਼ਾਲੀ  ਸੀ।

ਹੁਣ ਅਰੁਣ ਗੋਇਲ ਦਸੰਬਰ 2027 ਤੱਕ ਚੋਣ ਕਮਿਸ਼ਨ ਵਿੱਚ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਅਰੁਣ ਗੋਇਲ ਨੂੰ ਅਗਲੇ ਮਹੀਨੇ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਗੁਜਰਾਤ ਵਿੱਚ 1 ਦਸੰਬਰ ਤੋਂ 5 ਦਸੰਬਰ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ।