Rahul Gandhi: ਗੌਤਮ ਅਡਾਨੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਲੋੜ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

Rahul Gandhi: ਇਹ ਵੀ ਦਾਅਵਾ ਕੀਤਾ ਕਿ ਗੌਤਮ ਅਡਾਨੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਸੰਪਰਕ ਵਿੱਚ ਹਨ।

Need to arrest Gautam Adani immediately: Rahul Gandhi

 


Rahul Gandhi: ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਉਦਯੋਗਪਤੀ ਗੌਤਮ ਅਡਾਨੀ 'ਤੇ ਅਮਰੀਕੀ ਵਕੀਲਾਂ ਵਲੋਂ ਲਗਾਏ ਗਏ ਦੋਸ਼ਾਂ ਦੇ ਸਬੰਧ ਵਿਚ ਕਿਹਾ ਕਿ ਅਡਾਨੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਗੌਤਮ ਅਡਾਨੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਸੰਪਰਕ ਵਿੱਚ ਹਨ।

ਰਾਹੁਲ ਗਾਂਧੀ ਨੇ ਕਿਹਾ, "ਇਹ ਬਿਲਕੁਲ ਸਪੱਸ਼ਟ ਹੋ ਗਿਆ ਹੈ ਕਿ ਅਡਾਨੀ ਨੇ ਅਮਰੀਕਾ ਅਤੇ ਭਾਰਤ ਦੋਵਾਂ ਵਿੱਚ ਕਾਨੂੰਨ ਤੋੜੇ। ਮੈਂ ਹੈਰਾਨ ਹਾਂ ਕਿ ਅਡਾਨੀ ਆਜ਼ਾਦ ਕਿਉਂ ਘੁੰਮ ਰਿਹਾ ਹੈ, ਜਦਕਿ ਕਈ ਮਾਮਲਿਆਂ ਵਿੱਚ ਮੁੱਖ ਮੰਤਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।"

ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਅਡਾਨੀ ਨੂੰ ਸੁਰੱਖਿਆ ਦੇ ਰਹੇ ਹਨ ਅਤੇ ਅਡਾਨੀ ਨਾਲ ਅਪਰਾਧ ਵਿੱਚ ਸ਼ਾਮਲ ਹਨ।

ਰਾਹੁਲ ਗਾਂਧੀ ਨੇ ਕਿਹਾ, "ਅਡਾਨੀ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ, ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਇਸ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।"

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਦਾਅਵਾ ਕੀਤਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਨਾਮ ਆਖ਼ਰਕਾਰ ਸਾਹਮਣੇ ਆਵੇਗਾ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੇ ਗਠਨ ਦੀ ਮੰਗ ਜਾਰੀ ਰੱਖੇਗੀ।

ਅਮਰੀਕੀ ਵਕੀਲਾਂ ਨੇ ਅਡਾਨੀ ਅਤੇ ਉਸ ਦੇ ਭਤੀਜੇ ਸਾਗਰ ਅਡਾਨੀ 'ਤੇ ਸੂਰਜੀ ਊਰਜਾ ਦੇ ਠੇਕੇ ਹਾਸਲ ਕਰਨ ਲਈ ਭਾਰਤ ਦੇ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ ਲਗਾਇਆ ਹੈ। ਇਸ ਕਥਿਤ ਯੋਜਨਾ ਤਹਿਤ 2020 ਤੋਂ 2024 ਤੱਕ 25 ਕਰੋੜ ਡਾਲਰ (ਕਰੀਬ 2236 ਕਰੋੜ ਰੁਪਏ) ਦੀ ਰਿਸ਼ਵਤ ਦਿੱਤੀ ਗਈ।

ਅਡਾਨੀ 'ਤੇ ਭਾਰਤੀ ਉਪ ਮਹਾਂਦੀਪ ਵਿਚ ਸੋਲਰ ਪ੍ਰੋਜੈਕਟਾਂ ਲਈ ਠੇਕੇ ਅਤੇ ਫੰਡ ਹਾਸਲ ਕਰਨ ਲਈ ਭਾਰੀ ਰਿਸ਼ਵਤ ਦੇਣ ਅਤੇ ਇਸ ਨੂੰ ਅਮਰੀਕੀ ਨਿਵੇਸ਼ਕਾਂ ਤੋਂ ਛੁਪਾਉਣ ਦਾ ਦੋਸ਼ ਹੈ। ਅਡਾਨੀ ਦੇ ਨਾਲ ਦੋਸ਼ ਲਗਾਏ ਗਏ ਹੋਰਨਾਂ ਵਿੱਚ ਅਡਾਨੀ ਗ੍ਰੀਨ ਐਨਰਜੀ ਦੇ ਕਾਰਜਕਾਰੀ ਨਿਰਦੇਸ਼ਕ ਉਸ ਦੇ ਭਤੀਜੇ ਸਾਗਰ ਅਡਾਨੀ ਅਤੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੀਤ ਜੈਨ ਸ਼ਾਮਲ ਹਨ।