ਭਾਰਤ ਨੇ ਗ਼ਰੀਬੀ ਘਟਾਉਣ ਵਿਚ ਕੀਤੀ ਤਰੱਕੀ : ਯੂਨੀਸੈਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ 46 ਕਰੋੜ ਬੱਚਿਆਂ 'ਚੋਂ ਅੱਧੇ ਤੋਂ ਵੱਧ ਨੂੰ ਹੁਣ ਮਿਲ ਰਹੀਆਂ ਨੇ ਮੁੱਢਲੀਆਂ ਸੇਵਾਵਾਂ 

India has made progress in reducing poverty UNICEF report News

ਨਵੀਂ ਦਿੱਲੀ : ਭਾਰਤ 2030 ਦੀ ਸਮਾਂ ਸੀਮਾ ਤੋਂ ਪਹਿਲਾਂ ਬਹੁ-ਆਯਾਮੀ ਗ਼ਰੀਬੀ ਨੂੰ ਅੱਧਾ ਕਰਨ ਦੇ ਅਪਣੇ ਟਿਕਾਊ ਵਿਕਾਸ ਟੀਚੇ (ਐਸਡੀਜੀ) ਨੂੰ ਪ੍ਰਾਪਤ ਕਰਨ ਦੇ ਰਾਹ ’ਤੇ ਹੈ। ਹਾਲਾਂਕਿ, ਲੱਖਾਂ ਬੱਚਿਆਂ ਨੂੰ ਅਜੇ ਵੀ ਸਿੱਖਿਆ, ਸਿਹਤ ਅਤੇ ਸਾਫ਼ ਪਾਣੀ ਵਰਗੀਆਂ ਬੁਨਿਆਦੀ ਸੇਵਾਵਾਂ ਤਕ ਪਹੁੰਚ ਵਿਚ ਗੰਭੀਰ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਯੂਨੀਸੇਫ ਨੇ ਇਹ ਜਾਣਕਾਰੀ ਦਿਤੀ। ਰਿਪੋਰਟ ਅਨੁਸਾਰ, ਭਾਰਤ ਵਿਚ ਲਗਭਗ 20.6 ਕਰੋੜ ਬੱਚੇ - ਦੇਸ਼ ਦੀ ਬਾਲ ਆਬਾਦੀ ਦਾ ਲਗਭਗ ਅੱਧਾ ਹਿੱਸਾ- ਸਿੱਖਿਆ, ਸਿਹਤ, ਰਿਹਾਇਸ਼, ਪੋਸ਼ਣ, ਸਾਫ਼ ਪਾਣੀ ਅਤੇ ਸੈਨੀਟੇਸ਼ਨ ਸਮੇਤ ਛੇ ਜ਼ਰੂਰੀ ਸੇਵਾਵਾਂ ਵਿਚੋਂ ਘੱਟੋ-ਘੱਟ ਇਕ ਤਕ ਪਹੁੰਚ ਤੋਂ ਵਾਂਝਾ ਹੈ। ਰਿਪੋਰਟ ਵਿਚ ਕਿਹਾ ਗਿਆ, ‘‘ਇਨ੍ਹਾਂ ਵਿਚੋਂ ਇਕ ਤਿਹਾਈ ਤੋਂ ਘੱਟ ਬੱਚਿਆਂ (6.2 ਕਰੋੜ) ਨੂੰ ਦੋ ਜਾਂ ਵੱਧ ਬੁਨਿਆਦੀ ਸੇਵਾਵਾਂ ਤਕ ਪਹੁੰਚ ਦੀ ਘਾਟ ਹੈ, ਅਤੇ ਅਜੇ ਵੀ ਦੋ ਜਾਂ ਵੱਧ ਕਮੀਆਂ ਨੂੰ ਦੂਰ ਕਰਨ ਲਈ ਸਹਾਇਤਾ ਦੀ ਲੋੜ ਹੈ।’’

ਵਿਸ਼ਵ ਬਾਲ ਦਿਵਸ ਦੇ ਮੌਕੇ ’ਤੇ ਜਾਰੀ ਕੀਤੀ ਗਈ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ 46 ਕਰੋੜ ਬੱਚਿਆਂ ਵਿਚੋਂ ਅੱਧੇ ਤੋਂ ਵੱਧ ਬੱਚਿਆਂ ਦੀ ਹੁਣ ਮੁੱਢਲੀਆਂ ਸੇਵਾਵਾਂ ਤਕ ਪਹੁੰਚ ਹੈ, ਪਰ ਤਰੱਕੀ ਅਜੇ ਵੀ ਅਸੰਗਤ ਹੈ। ਯੂਨੀਸੈਫ ਨੇ ਕਿਹਾ, ‘‘ਭਾਰਤ ਨੇ ਗ਼ਰੀਬੀ ਘਟਾਉਣ ਵਿਚ ਤਰੱਕੀ ਕੀਤੀ ਹੈ - ਜੋ 2030 ਦੇ ਅੰਤ ਤੋਂ ਪਹਿਲਾਂ ਐਸਡੀਜੀ 1.2 ਪ੍ਰਾਪਤ ਕਰਨ ਵਲ ਤਰੱਕੀ ਦਾ ਇਕ ਮਜ਼ਬੂਤ ਸੂਚਕ - ਜਦੋਂ ਕਿ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿਚ ਬੱਚਿਆਂ ਦੀ ਭਲਾਈ ਵਿਚ ਨਿਵੇਸ਼ ਸਥਿਰ ਰਿਹਾ ਹੈ।’’

ਸੰਸਥਾ ਨੇ ਕਿਹਾ ਕਿ ਬੱਚਿਆਂ ਦੀ ਗਰੀਬੀ ਘਟਾਉਣ ਵਿਚ ਭਾਰਤ ਦੀ ਤਰੱਕੀ ‘ਮਹੱਤਵਪੂਰਨ’ ਰਹੀ ਹੈ। ਰਾਸ਼ਟਰੀ ਬਹੁ-ਆਯਾਮੀ ਗਰੀਬੀ ਸੂਚਕਾਂਕ ਦਾ ਹਵਾਲਾ ਦਿੰਦੇ ਹੋਏ, ਰਿਪੋਰਟ ਵਿਚ ਕਿਹਾ ਗਿਆ ਹੈ ਕਿ 2013-14 ਅਤੇ 2022-23 ਦੇ ਵਿਚਕਾਰ, 24.8 ਕਰੋੜ ਭਾਰਤੀ ਬਹੁ-ਆਯਾਮੀ ਗ਼ਰੀਬੀ ਤੋਂ ਉੱਭਰ ਗਏੇ, ਅਤੇ ਰਾਸ਼ਟਰੀ ਗ਼ਰੀਬੀ ਦਰ 29.2 ਪ੍ਰਤੀਸ਼ਤ ਤੋਂ ਘਟ ਕੇ 11.3 ਪ੍ਰਤੀਸ਼ਤ ਹੋ ਗਈ। ਸਮਾਜਿਕ ਸੁਰੱਖਿਆ ਵਿਚ ਕਾਫ਼ੀ ਵਾਧਾ ਹੋਇਆ ਹੈ, ਜੋ 2015 ਵਿਚ 19 ਪ੍ਰਤੀਸ਼ਤ ਸੀ ਹੁਣ 2025 ਵਿਚ 64.3 ਪ੍ਰਤੀਸ਼ਤ ਹੋ ਗਿਆ ਹੈ। ਸਮਾਜਿਕ ਸੁਰੱਖਿਆ ਦੀ ਪਹੁੰਚ 94 ਕਰੋੜ ਨਾਗਰਿਕਾਂ ਤਕ ਹੋ ਗਈ ਹੈ, ਜੋ ਇਸ ਤਬਦੀਲੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।

ਯੂਨੀਸੈਫ ਇੰਡੀਆ ਦੀ ਪ੍ਰਤੀਨਿਧੀ ਸਿੰਥੀਆ ਮੈਕਕੈਫਰੀ ਨੇ ਕਿਹਾ, ‘‘ਬੱਚਿਆਂ ਵਿਚ ਨਿਵੇਸ਼ ਕਰਨ ਤੋਂ ਵਧੀਆ ਕੋਈ ਨਿਵੇਸ਼ ਨਹੀਂ ਹੈ।’’ ਉਸਨੇ ਕਿਹਾ ਕਿ ਭਾਰਤ ਦੀ ਤਰਕੀ ਦਰਸ਼ਾਉਂਦੀ ਹੈ ਕਿ ‘‘ਪ੍ਰਭਾਵਸ਼ਾਲੀ ਪ੍ਰੋਗਰਾਮਾਂ ਨੂੰ ਤੇਜ਼ ਕਰਨਾ ਆਖਰੀ ਵਿਅਕਤੀ ਤਕ ਪਹੁੰਚਣ ਅਤੇ ਭਾਰਤ ਦੇ ਵਿਜ਼ਨ 2047 ਨੂੰ ਪ੍ਰਾਪਤ ਕਰਨ ਵਿਚ ਮਦਦ ਕਰ ਸਕਦਾ ਹੈ।’’ ਯੂਨੀਸੈਫ਼ ਨੇ ਕਿਹਾ ਕਿ ਭਾਰਤ ਦੀਆਂ ਪ੍ਰਮੁੱਖ ਯੋਜਨਾਵਾਂ - ਜਿਵੇਂ ਕਿ ਪੋਸ਼ਣ ਅਭਿਆਨ, ਸਮਗ੍ਰ ਸਿੱਖਿਆ, ਪੀਐਮ-ਕਿਸਾਨ, ਮਿਡਡੇ ਮੀਲ ਸਕੀਮ, ਬੇਟੀ ਬਚਾਓ ਬੇਟੀ ਪੜ੍ਹਾਓ, ਸਵੱਛ ਭਾਰਤ ਮਿਸ਼ਨ, ਅਤੇ ਜਲ ਜੀਵਨ ਮਿਸ਼ਨ - ਨੇ ਪੋਸ਼ਣ, ਸਿੱਖਿਆ, ਸੈਨੀਟੇਸ਼ਨ, ਆਮਦਨ ਸਹਾਇਤਾ ਅਤੇ ਵਿੱਤੀ ਸਮਾਵੇਸ਼ ਵਰਗੀਆਂ ਸੇਵਾਵਾਂ ਤਕ ਪਹੁੰਚ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।     (ਏਜੰਸੀ)