ਜਿਨਾਹ ਹਾਊਸ ਨੂੰ ਲੈ ਕੇ ਪਾਕਿਸਤਾਨ ਦੇ ਦਾਅਵੇ ਨੂੰ ਭਾਰਤ ਨੇ ਕੀਤਾ ਖ਼ਾਰਜ
ਪਾਕਿਸਤਾਨ ਨੇ ਵੀਰਵਾਰ ਨੂੰ ਇਕ ਵਾਰ ਫਿਰ ਮੁੰਬਈ 'ਚ ਸਥਿਤ ਜਿਨਾਹ ਹਾਊਸ 'ਤੇ ਅਪਣਾ ਦਾਅਵਾ ਠੋਕਿਆ ਅਤੇ ਨਾਲ ਹੀ ਕਿਹਾ ਕਿ ਇਸ ਭਵਨ ਨੂੰ ਅਪਣੇ ਕਾਬੂ 'ਚ ....
ਨਵੀਂ ਦਿੱਲੀ (ਭਾਸ਼ਾ): ਪਾਕਿਸਤਾਨ ਨੇ ਵੀਰਵਾਰ ਨੂੰ ਇਕ ਵਾਰ ਫਿਰ ਮੁੰਬਈ 'ਚ ਸਥਿਤ ਜਿਨਾਹ ਹਾਊਸ 'ਤੇ ਅਪਣਾ ਦਾਅਵਾ ਠੋਕਿਆ ਅਤੇ ਨਾਲ ਹੀ ਕਿਹਾ ਕਿ ਇਸ ਭਵਨ ਨੂੰ ਅਪਣੇ ਕਾਬੂ 'ਚ ਲੈਣ ਦਾ ਭਾਰਤ ਦੀ ਕੋਈ ਵੀ ਕੋਸ਼ਿਸ਼ ਸਵੀਕਾਰ ਨਹੀਂ ਕੀਤੀ ਜਾਵੇਗੀ। ਪਾਕਿਸਤਾਨ ਦਾ ਇਹ ਦਾਅਵਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਉਸ ਬਿਆਨ ਦੇ ਅਗਲੇ ਦਿਨ ਆਇਆ ਹੈ, ਜਿਸ 'ਚ ਸਵਰਾਜ ਨੇ ਮੁੰਬਈ ਸਥਿਤ ਜਿਨਾਹ ਹਾਊਸ ਨੂੰ ਅਪਣੇ ਮੰਤਰਾਲਾ ਦੇ ਨਾਮ ਤਬਦੀਲ ਕਰਵਾਉਣ ਦੀ ਪ੍ਰਕਿਰਿਆ ਚਲਉਣ ਦੀ ਜਾਣਕਾਰੀ ਦਿਤੀ ਸੀ।
ਹਾਲਾਂਕਿ ਪਾਕਿਸਤਾਨ ਦਾ ਇਹ ਮੁੱਦਾ ਚੁੱਕਣ ਦੇ ਥੋੜ੍ਹੀ ਹੀ ਦੇਰ ਬਾਅਦ ਹੀ ਭਾਰਤ ਨੇ ਵੀ ਕਰਾਰਾ ਜਵਾਬ ਦਿੰਦੇ ਹੋਏ ਉਸ ਦਾ ਦਾਅਵਾ ਖਾਰਿਜ ਕਰ ਦਿਤਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਜਿੱਥੇ ਤੱਕ ਇਸ ਜਾਇਦਾਦ ਦੀ ਗੱਲ ਹੈ, ਤਾਂ ਪਾਕਿਸਤਾਨ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਇਹ ਭਾਰਤ ਸਰਕਾਰ ਦੀ ਜਾਇਦਾਦ ਹੈ ਅਤੇ ਇਸ ਦਾ ਸੁਧਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜਿਨਾਹ ਹਾਊਸ ਨੂੰ ਅਪਣੇ ਮੰਤਰਾਲਾ ਦੇ ਨਾਮ ਤਬਦੀਲ ਕਰਵਾਉਣ ਦੀ ਪ੍ਰਕਿਰਿਆ ਚਲਉਣ ਦੀ ਜਾਣਕਾਰੀ ਦਿਤੀ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜਿਨਾਹ ਹਾਊਸ ਵਰਤੋ ਹੈਦਰਾਬਾਦ ਹਾਉਸ ਦੀ ਤਰਜ 'ਤੇ ਹੀ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਇਸ ਦੇ ਤਹਿਤ ਉਸ ਨੂੰ ਤਿਆਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਹੈਦਰਾਬਾਦ ਹਾਉਸ ਦੀ ਵਰਤੋ ਵਿਦੇਸ਼ੀ ਮਹਿਮਾਨਾਂ ਦੇ ਨਾਲ ਬੈਠਕ ਕਰਨ ਅਤੇ ਉਨ੍ਹਾਂ ਦੇ ਸਨਮਾਨ 'ਚ ਪ੍ਰਬੰਧ ਕਰਨ ਲਈ ਕਰਦੀ ਹੈ।
ਇਸ ਤੋਂ ਪਹਿਲਾਂ ਇਸਲਾਮਾਬਾਦ 'ਚ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਜਿਨਾਹ ਹਾਊਸ 'ਤੇ ਸਾਡਾ ਦਾਅਵਾ ਹੈ ਅਤੇ ਅਸੀ ਇਹ ਸਵੀਕਾਰ ਨਹੀਂ ਕਰਾਗੇਂ ਕਿ ਕੋਈ ਦੂਜਾ ਉਸ ਦੀ ਕਸਟਡੀ ਲਵੇ। ਭਾਰਤੀ ਪਹਿਲਾਂ ਹੀ ਸਵੀਕਾਰ ਕਰ ਚੁੱਕੇ ਹਨ ਕਿ ਇਹ ਜਾਇਦਾਦ ਪਾਕਿਸਤਾਨ ਨਾਲ ਸਬੰਧ ਰੱਖਦੀ ਹੈ। ਸਾਡੇ ਕੋਲ ਇਸ ਦਾ ਰਿਕਾਰਡ ਹੈ।
ਜ਼ਿਕਰਯੋਗ ਹੈ ਕਿ ਮੁੰਬਈ ਦੇ ਮਾਲਾਬਾਰ ਹਿੱਲ ਇਲਾਕੇ 'ਚ ਸਮੁਦਰ ਕੰਡੇ ਬਣੇ ਜਿਨਹਾ ਹਾਊਸ ਦੀ ਉਸਾਰੀ ਆਰਕੀਟੈਕਟ ਕਲਾਊਡ ਬੈਟਲੇ ਨੇ ਯੂਰੋਪੀ ਸ਼ੈਲੀ 'ਚ ਕੀਤਾ ਸੀ। ਪਾਕਿਸਤਾਨ ਦੇ ਸੰਸਥਾਨ ਮੁਹੰਮਦ ਅਲੀ ਜਿਨਹਾ ਇਸ ਭਵਨ 'ਚ 1930 ਦੇ ਅਖਿਰ 'ਚ ਕੁੱਝ ਸਾਲਾਂ ਤੱਕ ਰਹੇ ਸਨ ਜਿਸ ਕਰਕੇ ਪਾਕਿਸਤਾਨ ਲਗਾਤਾਰ ਇਸ ਜਾਇਦਾਦ 'ਤੇ ਅਪਣਾ ਹੱਕ ਹੋਣ ਦਾ ਦਾਅਵਾ ਠੋਕਦਾ ਰਿਹਾ ਹੈ ਅਤੇ ਉਸ ਦੀ ਮੰਗ ਹੈ ਕਿ ਇਹ ਭਵਨ ਉਸ ਨੂੰ ਮੁੰਬਈ 'ਚ ਅਪਣਾ ਦੂਤਾਵਾਸ ਸਥਾਪਤ ਕਰਨ ਲਈ ਹੈਂਡਓਵਰ ਕਰ ਦਿਤਾ ਜਾਵੇ ।