ਹਰਿਆਣਾ ‘ਚ ਸਿਰਫ਼ ਦਸਤਾਰਧਾਰੀ ਔਰਤਾਂ ਨੂੰ ਹੀ ਹੈਲਮੇਟ ਤੋਂ ਮਿਲੇਗੀ ਛੂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਵਿਚ ਬਿਨਾਂ ਹੈਲਮੇਟ ਦੋ ਪਹੀਆ ਵਾਹਨ ਚਲਾਉਣ ਨੂੰ ਲੈ ਕੇ ਪੁਲਿਸ ਜਿੱਥੇ ਹੋਰ ਸਖ਼ਤੀ ਦੇ ਮੂਡ ਵਿਚ ਹੈ। ਉਥੇ ਹੀ ਹਰਿਆਣਾ ਟ੍ਰਾਂਸਪੋਰਟ...

These Women Will Get Relief On Helmets

ਚੰਡੀਗੜ੍ਹ (ਸਸਸ) : ਹਰਿਆਣਾ ਵਿਚ ਬਿਨਾਂ ਹੈਲਮੇਟ ਦੋ ਪਹੀਆ ਵਾਹਨ ਚਲਾਉਣ ਨੂੰ ਲੈ ਕੇ ਪੁਲਿਸ ਜਿੱਥੇ ਹੋਰ ਸਖ਼ਤੀ ਦੇ ਮੂਡ ਵਿਚ ਹੈ। ਉਥੇ ਹੀ ਹਰਿਆਣਾ ਟ੍ਰਾਂਸਪੋਰਟ ਵਿਭਾਗ ਨੇ ਵੀ ਇਸ ਸਬੰਧ ਵਿਚ ਅਪਣਾ ਰੁਖ ਸਪੱਸ਼ਟ ਕਰ ਦਿਤਾ ਹੈ। ਇਸ ਦੇ ਚਲਦੇ ਵਿਭਾਗ ਨੇ ਇਹ ਸਪੱਸ਼ਟ ਕਰ ਦਿਤਾ ਹੈ ਕਿ ਸੂਬੇ ਵਿਚ ਉਨ੍ਹਾਂ ਔਰਤਾਂ ਨੂੰ ਹੈਲਮੇਟ ਤੋਂ ਛੁੱਟ ਰਹੇਗੀ, ਜਿੰਨ੍ਹਾਂ ਨੇ ਦਸਤਾਰ ਧਾਰਨ ਕੀਤੀ ਹੋਵੇਗੀ। ਅਜਿਹੀਆਂ ਸਿੱਖ ਔਰਤਾਂ ਜੋ ਦਸਤਾਰ ਧਾਰਨ ਨਹੀਂ ਕਰਦੀਆਂ, ਉਨ੍ਹਾਂ ਲਈ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨਣਾ ਲਾਜ਼ਮੀ ਹੋਵੇਗਾ।

ਇਸੇ ਤਰ੍ਹਾਂ ਦਸਤਾਰਧਾਰੀ ਸਿੱਖ ਵਿਅਕਤੀਆਂ ਨੂੰ ਵੀ ਹੈਲਮੇਟ ਤੋਂ ਛੂਟ ਰਹੇਗੀ। ਦੋ ਪਹੀਆ ਵਾਹਨ ਚਾਲਕਾਂ ਦੇ ਪਿੱਛੇ ਬੈਠਣ ਵਾਲੇ ਵਿਅਕਤੀ ਉਤੇ ਵੀ ਉਕਤ ਨਿਯਮ ਲਾਗੂ ਹੋਣਗੇ। ਹਰਿਆਣਾ ਵਿਚ ਇਸ ਸਮੇਂ ਲੋਕ ਹੈਲਮੇਟ ਸਬੰਧੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਪਰ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਿਦਾਇਤਾਂ ਅਤੇ ਹੈਲਮੇਟ ਨੂੰ ਲੈ ਕੇ ਹਰਿਆਣਾ ਟ੍ਰਾਂਸਪੋਰਟ ਵਿਭਾਗ ਦੀਆਂ ਗਾਈਡਲਾਈਨਸ ਤੋਂ ਬਾਅਦ ਪੁਲਿਸ ਮਹਿਕਮਾ ਹੈਲਮੇਟ ਨਾ ਪਹਿਨਣ ਵਾਲਿਆਂ ਉਤੇ ਹੋਰ ਸਖ਼ਤੀ ਕਰਨ ਦੇ ਮੂਡ ਵਿਚ ਹੈ।

ਟ੍ਰਾਂਸਪੋਰਟ ਵਿਭਾਗ ਨੇ ਉਕਤ ਹੈਲਮੇਟ ਸਬੰਧੀ ਗਾਈਡਲਾਈਨ ਸਟੇਟ ਮੋਟਰ ਵਾਹਨ ਐਕਟ 1988 ਦੀ ਧਾਰਾ 129  ਦੇ ਮੁਤਾਬਕ ਹਰਿਆਣਾ ਮੋਟਰ ਨਿਯਮ 1993 ਦੇ ਨਿਯਮ 185 ਦੇ ਤਹਿਤ ਸਪੱਸ਼ਟ ਅਤੇ ਜਾਰੀ ਕੀਤੇ ਗਏ ਹਨ। ਹਰਿਆਣਾ ਪੁਲਿਸ ਦੇ ਮਹਾਨਿਰਦੇਸ਼ਕ ਬੀਐਸ ਸੰਧੂ ਨੇ ਦੱਸਿਆ ਕਿ ਹੈਲਮੇਟ ਪਹਿਨਣ ਨੂੰ ਲੈ ਕੇ ਪੁਲਿਸ ਫਿਰ ਤੋਂ ਹੋਰ ਸਖ਼ਤੀ ਕਰਨ ਦੇ ਮੂਡ ਵਿਚ ਹੈ। ਉੱਧਰ, ਹਰਿਆਣਾ ਦੇ ਉੱਤਮ ਸਮਾਜ ਸੇਵੀ ਖੁਸ਼ਬੀਰ ਸਿੰਘ ਨੇ ਦੱਸਿਆ ਕਿ ਹੈਲਮੇਟ ਵਿਅਕਤੀ ਦੀ ਸੁਰੱਖਿਆ ਲਈ ਲਾਜ਼ਮੀ ਹੈ।

ਇਸ ਤੋਂ ਇਲਾਵਾ ਹਰਿਆਣਾ ਵਿਚ ਜੇਕਰ ਕਿਸੇ ਵਿਅਕਤੀ ਨੂੰ ਮੈਡੀਕਲ ਗਰਾਉਂਡ ‘ਤੇ ਹੈਲਮੇਟ ਤੋਂ ਛੂਟ ਚਾਹੀਦੀ ਹੈ, ਤਾਂ ਉਸ ਨੂੰ ਜ਼ਿਲ੍ਹੇ ਦੇ ਮੁੱਖ ਚਿਕਿਤਸਾ ਅਧਿਕਾਰੀ ਵਲੋਂ ਜਾਰੀ ਮੈਡੀਕਲ ਰਿਪੋਰਟ ਚੈਕਿੰਗ ਦੇ ਦੌਰਾਨ ਪੁਲਿਸ ਨੂੰ ਵਿਖਾਉਣੀ ਹੋਵੇਗੀ। ਸੀਐਮਓ ਤੋਂ ਇਲਾਵਾ ਕਿਸੇ ਹੋਰ ਪ੍ਰਾਇਵੇਟ ਅਤੇ ਸਰਕਾਰੀ ਡਾਕਟਰ ਦੀ ਮੈਡੀਕਲ ਰਿਪੋਰਟ ਉਤੇ ਛੂਟ ਨਹੀਂ ਮਿਲੇਗੀ।

ਇਸ ਪ੍ਰਸੰਗ ਵਿਚ ਹਾਈਕੋਰਟ ਵਿਚ ਚੱਲ ਰਹੇ ਇਕ ਕੇਸ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣੇ ਦੇ ਜਵਾਬ ਉਤੇ ਤਾਂ ਸੰਤੁਸ਼ਟੀ ਜ਼ਾਹਰ ਕੀਤੀ ਹੈ, ਪਰ ਪੰਜਾਬ ਤੋਂ ਪੁੱਛਿਆ ਹੈ ਕਿ ਹੈਲਮੇਟ ਪਹਿਨਣ ਤੋਂ ਸਿੱਖ ਔਰਤਾਂ ਨੂੰ ਛੂਟ ਦੇਣ ਦੇ ਪ੍ਰਸੰਘ ਵਿਚ ਕਿਵੇਂ ਪਹਿਚਾਣ ਕੀਤੀ ਜਾਵੇਗੀ ਕਿ ਮਹਿਲਾ ਸਿੱਖ ਹੈ?  ਦਰਅਸਲ, ਪੰਜਾਬ ਨੇ ਸਾਰੀਆਂ ਸਿੱਖ ਔਰਤਾਂ ਨੂੰ ਹੈਲਮੇਟ ਪਹਿਨਣ ਤੋਂ ਛੂਟ ਦਿਤੀ ਹੈ।