ਭਾਰਤ 'ਚ ਕੋਰੋਨਾ ਵੈਕਸੀਨ ਨੂੰ ਲੈ ਕੇ ਸਿਹਤ ਮੰਤਰੀ ਹਰਸ਼ਵਰਧਨ ਨੇ ਕੀਤਾ ਵੱਡਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਨਵਰੀ ਦੇ ਕਿਸੇ ਵੀ ਹਫ਼ਤੇ ਵਿੱਚ ਅਸੀਂ ਭਾਰਤ ਵਿੱਚ ਕੋਰੋਨਾ ਵੈਕਸੀਨ ਦਾ ਪਹਿਲਾ ਸ਼ਾਟ ਦੇਣ ਦੀ ਸਥਿਤੀ ਵਿੱਚ ਹਾਂ।

Harsh Vardhan

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵੈਕਸੀਨ ਦੀ ਉਡੀਕ ਕਾਫੀ ਸਮੇਂ ਤੋਂ ਜਾਰੀ ਹੈ।  ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਭਾਰਤ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਇਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਵਿਚਕਾਰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਜਨਵਰੀ ਦੇ ਕਿਸੇ ਵੀ ਹਫ਼ਤੇ ਵਿੱਚ ਅਸੀਂ ਭਾਰਤ ਵਿੱਚ ਕੋਰੋਨਾ ਵੈਕਸੀਨ ਦਾ ਪਹਿਲਾ ਸ਼ਾਟ ਦੇਣ ਦੀ ਸਥਿਤੀ ਵਿੱਚ ਹਾਂ।

ਹਰਸ਼ਵਰਧਨ  ਦਾ ਬਿਆਨ 
ਸਿਹਤ ਮੰਤਰੀ ਹਰਸ਼ਵਰਧਨ ਨੇ ਇੱਕ ਬਿਆਨ ਵਿੱਚ ਕਿਹਾ, “ਸਾਡੀ ਪਹਿਲੀ ਤਰਜੀਹ ਵੈਕਸੀਨ ਦੀ ਸੁਰੱਖਿਆ ਤੇ ਪ੍ਰਭਾਵ ਹੈ। ਅਸੀਂ ਇਸ ‘ਤੇ ਸਮਝੌਤਾ ਨਹੀਂ ਕਰਨਾ ਚਾਹੁੰਦੇ। ਮੈਂ ਨਿੱਜੀ ਤੌਰ ‘ਤੇ ਸੋਚਦਾ ਹਾਂ ਕਿ ਸ਼ਾਇਦ ਜਨਵਰੀ ਦੇ ਕੁਝ ਹਫਤੇ ਅਸੀਂ ਇਸ ਸਥਿਤੀ ਵਿੱਚ ਆਵਾਂਗੇ ਕਿ ਵੈਕਸੀਨ ਦਾ ਪਹਿਲਾ ਸ਼ਾਟ ਭਾਰਤ ਦੇ ਲੋਕਾਂ ਨੂੰ ਦੇਣਾ ਹੈ।” 

ਹਰਸ਼ਵਰਧਨ ਨੇ ਕਿਹਾ, “ਕੁਝ ਮਹੀਨੇ ਪਹਿਲਾਂ ਦੇਸ਼ ਵਿੱਚ ਕੋਰੋਨਾ ਦੇ 10 ਲੱਖ ਸਰਗਰਮ ਮਾਮਲੇ ਸਨ, ਜੋ ਹੁਣ ਤਕਰੀਬਨ ਤਿੰਨ ਲੱਖ ਹਨ। ਸੰਕਰਮਣ ਦੇ ਇਕ ਕਰੋੜ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 95 ਲੱਖ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ। ਸਾਡੀ ਰਿਕਵਰੀ ਰੇਟ ਵਿਸ਼ਵ ਵਿੱਚ ਸਭ ਤੋਂ ਵੱਧ ਹੈ।  ਮੈਨੂੰ ਲਗਦਾ ਹੈ ਕਿ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਅਸੀਂ ਲੰਘੀਆਂ ਹਨ ਹੁਣ ਅੰਤ ਦੇ ਵੱਲ ਵਧ ਰਹੀਆਂ ਹਨ। ਇੰਨਾ ਵੱਡਾ ਦੇਸ਼ ਹੋਣ ਦੇ ਬਾਵਜੂਦ ਅਸੀਂ ਦੂਜੇ ਵੱਡੇ ਦੇਸ਼ਾਂ ਨਾਲੋਂ ਬਿਹਤਰ ਸਥਿਤੀ ਵਿਚ ਹਾਂ। '

ਦੱਸ ਦੇਈਏ ਕਿ ਇਸ ਸਮੇਂ ਭਾਰਤ ਵਿੱਚ ਕੁੱਲ 8 ਵੈਕਸੀਨ ਦੇ ਟਰਾਇਲ ਚੱਲ ਰਹੇ ਹਨ। ਇਹ ਸਾਰੇ ਅਜ਼ਮਾਇਸ਼ ਵੱਖੋ-ਵੱਖਰੇ ਪੜਾਵਾਂ ਵਿੱਚ ਹਨ। ਕੁਝ ਐਡਵਾਂਸ ਸਟੇਜ 'ਤੇ ਹਨ, ਜਦੋਂਕਿ ਕੁਝ ਆਖਰੀ ਪੜਾਅ 'ਤੇ ਹਨ।