ਉੱਤਰ ਭਾਰਤ ਵਿੱਚ ਧੁੰਦ ਦਾ ਕਹਿਰ ਅਤੇ ਪਹਾੜਾਂ 'ਤੇ ਬਰਫਬਾਰੀ ਹੋਈ ਸ਼ੁਰੂ, ਜਾਣੋ ਸੂਬਿਆਂ ਦਾ ਹਾਲ
ਕੁਝ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੀ ਬਾਰਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ।
ਨਵੀਂ ਦਿੱਲੀ: ਦੇਸ਼ ਭਰ ਵਿੱਚ ਕੜਾਕੇ ਦੀ ਠੰਡ ਨੇ ਦਸਤਕ ਦੇ ਦਿੱਤੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਦੂਸਰੇ ਸੂਬਿਆਂ 'ਚ ਵੀ ਤਾਪਮਾਨ ਵਿਚ ਗਿਰਾਵਟ ਆਈ ਹੈ। ਹੁਣ ਪਹਾੜਾ ਵਿਚ ਵੀ ਬਰਫਬਾਰੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 12 ਘੰਟਿਆਂ ਦੌਰਾਨ ਜੰਮੂ-ਕਸ਼ਮੀਰ, ਗਿਲਗਿਤ, ਬਾਲਟਿਸਤਾਨ, ਮੁਜ਼ੱਫਰਾਬਾਦ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੀ ਬਾਰਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ।
ਜਾਣੋ ਸੂਬਿਆਂ ਵਿੱਚ ਮੌਸਮ ਦਾ ਹਾਲ
ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ ਅਤੇ ਤਾਮਿਲਨਾਡੂ ਤੋਂ ਵੱਖਰੇ ਥਾਂਵਾਂ 'ਤੇ ਹਲਕੇ ਅਤੇ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਸ਼ੀਤ ਲਹਿਰ ਜਾਰੀ ਰਹਿਣ ਦੀ ਉਮੀਦ ਹੈ।
ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਕੁਝ ਥਾਂਵਾਂ 'ਤੇ ਸੰਘਣੀ ਧੁੰਦ ਪੈ ਸਕਦੀ ਹੈ। ਪੱਛਮੀ ਹਿਮਾਲਿਆਈ ਸੂਬਿਆਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਅਗਲੇ 12 ਘੰਟਿਆਂ ਵਿੱਚ ਠੰਢ ਵਧਣ ਦੀ ਸੰਭਾਵਨਾ ਹੈ।
ਲੱਦਾਖ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਕਾਰਨ ਉੱਤਰੀ ਬਿਹਾਰ ਵਿੱਚ ਸ਼ੀਤ ਦੀ ਲਹਿਰ ਜਾਰੀ ਹੈ। ਤੇਜ਼ ਬਰਫੀਲੇ ਹਵਾ ਕਾਰਨ ਮੁਜ਼ੱਫਰਪੁਰ ਸਮੇਤ ਉੱਤਰ ਬਿਹਾਰ ਦੇ ਜ਼ਿਲ੍ਹੇ ਠੰਡੇ ਪੈ ਰਹੇ ਹਨ। ਇਸ ਕਾਰਨ ਤਾਪਮਾਨ ਘੱਟ ਗਿਆ ਹੈ, ਤਾਪਮਾਨ 6.9 ਡਿਗਰੀ 'ਤੇ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਤਾਪਮਾਨ 1.1 ਡਿਗਰੀ ਘਟਿਆ ਹੈ।
ਜਿਕਰਯੋਗ ਹੈ ਕਿ ਐਤਵਾਰ ਨੂੰ ਕਸ਼ਮੀਰ ਦੇ ਵੱਖ-ਵੱਖ ਥਾਂਵਾਂ 'ਤੇ ਘੱਟੋ ਘੱਟ ਤਾਪਮਾਨ ਵਿਚ ਥੋੜ੍ਹਾ ਸੁਧਾਰ ਹੋਇਆ, ਪਰ ਵਾਦੀ ਵਿਚ ਪਾਰਾ ਰਾਤ ਨੂੰ ਜ਼ੀਰੋ ਤੋਂ ਹੇਠਾਂ ਰਿਹਾ। ਇਸ ਦੇ ਨਾਲ ਹੀ, ਚਿੱਲਈ ਕਲਾਂ ਦਾ 40 ਦਿਨਾਂ ਦਾ ਸਮਾਂ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੌਰਾਨ ਕੜਾਕੇ ਦੀ ਠੰਢ ਹੁੰਦੀ ਹੈ।