ਕੋਰੋਨਾ ਦੇ ਚਲਦਿਆਂ ਚੰਡੀਗੜ੍ਹ ਵਿਚ ਅਲਰਟ: ਕੇਂਦਰ ਸਰਕਾਰ ਨੇ ਜਾਰੀ ਕੀਤੀਆਂ ਹਿਦਾਇਤਾਂ, ਵਧਾਈ ਜਾਵੇਗੀ ਟੈਸਟਿੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਓਪੀਡੀ ਮਰੀਜ਼ਾਂ ਨੂੰ ਪਹਿਲਾਂ ਵਾਂਗ ਹੀ ਟੈਸਟਿੰਗ ਵਿਚ ਸ਼ਾਮਲ ਕੀਤਾ ਜਾਵੇਗਾ।

Alert in Chandigarh after new variant of Corona

 

ਚੰਡੀਗੜ੍ਹ: ਕੁਝ ਦੇਸ਼ਾਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਤੇਜ਼ੀ ਆਉਣ ਤੋਂ ਬਾਅਦ ਕੇਂਦਰ ਦੀ ਐਡਵਾਇਜ਼ਰੀ 'ਤੇ ਜਲਦ ਹੀ ਚੰਡੀਗੜ੍ਹ ਵਿਚ ਇਕ ਵਾਰ ਫਿਰ ਤੋਂ ਸੈਂਪਲਿੰਗ ਵਧਣ ਜਾ ਰਹੀ ਹੈ। ਜੀਨੋਮ ਸੀਕਵੈਂਸਿੰਗ ਲਈ ਨਮੂਨੇ ਭੇਜਣ ਲਈ ਟੈਸਟਿੰਗ ਵਧੇਗੀ। ਡਾਇਰੈਕਟਰ, ਸਿਹਤ ਸੇਵਾਵਾਂ (ਡੀਐਚਐਸ) ਡਾ. ਸੁਮਨ ਸਿੰਘ ਨੇ ਕਿਹਾ ਹੈ ਕਿ ਚੰਡੀਗੜ੍ਹ ਵਿਚ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਕੇਸਾਂ ਦੀ ਗਿਣਤੀ ਬਹੁਤ ਘੱਟ ਹੋਣ ਕਾਰਨ ਸੈਂਪਲ ਘੱਟ ਲਏ ਜਾ ਰਹੇ ਸਨ। ਹਸਪਤਾਲ ਵਿਚ ਸਿਰਫ਼ ‘ਅੰਦਰੂਨੀ ਮਰੀਜ਼ਾਂ’ ਦੀ ਸਰਜਰੀ ਅਤੇ ਹੋਰ ਕਿਸਮ ਦੇ ਇਲਾਜ ਲਈ ਟੈਸਟ ਕੀਤੇ ਜਾ ਰਹੇ ਸਨ।

ਹੁਣ ਓਪੀਡੀ ਮਰੀਜ਼ਾਂ ਨੂੰ ਪਹਿਲਾਂ ਵਾਂਗ ਹੀ ਟੈਸਟਿੰਗ ਵਿਚ ਸ਼ਾਮਲ ਕੀਤਾ ਜਾਵੇਗਾ। ਡੀਐਚਐਸ ਨੇ ਕਿਹਾ ਹੈ ਕਿ ਕੋਵਿਡ ਦੇ ਲੱਛਣ ਵਾਲੇ ਕੇਸਾਂ ਨੂੰ ਦੇਖਣ ਤੋਂ ਬਾਅਦ ਓਪੀਡੀ ਮਰੀਜ਼ਾਂ ਦੇ ਸੈਂਪਲ ਲਏ ਜਾਣਗੇ। ਇਸ ਵਿਚ ਈਐਨਟੀ ਵਿਚ ਆਉਣ ਵਾਲੇ ਅਤੇ ਬੁਖਾਰ ਤੋਂ ਪੀੜਤ ਮਰੀਜ਼ਾਂ ਦੇ ਸੈਂਪਲ ਲਏ ਜਾਣਗੇ। ਡੀਐਚਐਸ ਨੇ ਦੱਸਿਆ ਕਿ ਹਾਲ ਹੀ ਵਿਚ 150 ਤੱਕ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਹੁਣ ਕੁਝ ਟੈਸਟਿੰਗ ਵਧਾਏ ਜਾਣਗੇ। ਇਸ ਤੋਂ ਬਾਅਦ ਕੇਸਾਂ ਦੀ ਸਥਿਤੀ ਦੇਖੀ ਜਾਵੇਗੀ। ਡੀਐਚਐਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜੀਨੋਮ ਸੀਕਵੈਂਸਿੰਗ ਲਈ ਹਰ 15 ਦਿਨਾਂ ਬਾਅਦ ਸੈਂਪਲ ਚੰਡੀਗੜ੍ਹ ਭੇਜੇ ਜਾਂਦੇ ਸਨ। ਦੱਸ ਦਈਏ ਕਿ ਚੰਡੀਗੜ੍ਹ ਵਿਚ ਹੁਣ ਕੋਰੋਨਾ ਦੇ ਮਾਮਲੇ ਨਾ-ਮਾਤਰ ਹਨ।

P

ਡੀਐਚਐਸ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਕੁਝ ਦੇਸ਼ਾਂ ਵਿਚ ਕੋਵਿਡ ਦੇ ਮਾਮਲੇ ਵਧੇ ਹਨ। ਭਾਰਤ ਵਿਚ ਕੋਵਿਡ ਦੇ ਮਾਮਲਿਆਂ ਦੀ ਸਥਿਤੀ ਫਿਲਹਾਲ ਚਿੰਤਾਜਨਕ ਨਹੀਂ ਹੈ। ਅਜਿਹੇ 'ਚ ਚੰਡੀਗੜ੍ਹ 'ਚ ਫਿਲਹਾਲ ਮਾਸਕ ਦੀ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਕੇਂਦਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੂਬਿਆਂ ਨਾਲ ਮੀਟਿੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਚੀਨ, ਅਮਰੀਕਾ, ਬ੍ਰਾਜ਼ੀਲ ਅਤੇ ਜਾਪਾਨ ਵਰਗੇ ਦੇਸ਼ਾਂ ਵਿਚ ਕੋਵਿਡ ਦੇ ਮਾਮਲਿਆਂ ਵਿਚ ਅਚਾਨਕ ਵਾਧਾ ਹੋਇਆ ਹੈ। ਇਸ ਕਾਰਨ ਕੇਂਦਰ ਵੀ ਭਾਰਤ ਦੇ ਹਾਲਾਤ ਨੂੰ ਲੈ ਕੇ ਚਿੰਤਤ ਹੈ। ਅਜਿਹੇ 'ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਅਤੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC) ਨੂੰ ਪੱਤਰ ਲਿਖ ਕੇ ਸੁਚੇਤ ਕੀਤਾ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਜੀਨੋਮ ਸੀਕਵੈਂਸਿੰਗ ਲਈ ਕਿਹਾ ਗਿਆ ਹੈ। ਕੇਂਦਰ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।