10 ਜਨਵਰੀ ਤੱਕ ਵਿੱਦਿਅਕ ਟੂਰ ਨਾ ਲਗਾਉਣ ਦੇ ਹੁਕਮ ਜਾਰੀ
ਇੰਫਾਲ : ਮਨੀਪੁਰ ਦੇ ਨੋਨੀ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਟੂਰ 'ਤੇ ਜਾ ਰਹੀ ਇੱਕ ਸਕੂਲੀ ਬੱਸ ਪਲਟ ਗਈ। ਇਸ ਹਾਦਸੇ 'ਚ ਘੱਟੋ-ਘੱਟ ਅੱਧਾ ਦਰਜਨ ਤੋਂ ਵੱਧ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਕਈ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਦੀ ਗਿਣਤੀ ਕਰੀਬ 40 ਦੱਸੀ ਜਾ ਰਹੀ ਹੈ। ਅਜਿਹੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੱਸ ਥੰਬਲਾਨੂ ਹਾਇਰ ਸੈਕੰਡਰੀ ਸਕੂਲ, ਯਾਰੀਪੋਕ ਜਾ ਰਹੀ ਸੀ। ਉਹ ਖਪੁਮ ਵੱਲ ਟੂਰ 'ਤੇ ਜਾ ਰਹੀ ਸੀ। 22 ਵਿਦਿਆਰਥੀਆਂ ਨੂੰ ਇੰਫਾਲ ਦੇ ਮੈਡੀਸਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਐਸਡੀਆਰਐਫ ਅਤੇ ਮੈਡੀਕਲ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਸੂਬਾ ਸਰਕਾਰ ਮੁਤਾਬਕ ਇਹ ਹਾਦਸਾ ਤੜਕੇ ਸੰਘਣੀ ਧੁੰਦ ਅਤੇ ਕੋਹਰੇ ਕਾਰਨ ਵਾਪਰਿਆ। ਇਸ ਘਟਨਾ ਦੇ ਮੱਦੇਨਜ਼ਰ ਸਰਕਾਰ ਨੇ ਸਾਰੇ ਸਕੂਲ 10 ਜਨਵਰੀ 2023 ਤੱਕ ਕਿਸੇ ਵੀ ਤਰ੍ਹਾਂ ਦੇ ਟੂਰ ਨਾ ਲਗਾਉਣ ਦਾ ਹੁਕਮ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ 36 ਵਿਦਿਆਰਥੀ ਅਤੇ ਅਧਿਆਪਕ ਸਵਾਰ ਸਨ। ਸਟੱਡੀ ਟੂਰ 'ਤੇ ਜਾਂਦੇ ਸਮੇਂ ਪੁਰਾਣੀ ਕੱਛਰ ਰੋਡ 'ਤੇ ਬੱਸ ਫਿਸਲ ਗਈ। ਮਰਨ ਵਾਲਿਆਂ 'ਚ 5 ਵਿਦਿਆਰਥਣਾਂ ਵੀ ਸ਼ਾਮਲ ਹਨ। ਘਟਨਾ ਸਵੇਰੇ 11.30 ਵਜੇ ਦੀ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।