Arvind Kejriwal: ਈ.ਡੀ. ਦੇ ਜਾਰੀ ਸੰਮਨਾਂ ਵਿਚਕਾਰ ਕੇਜਰੀਵਾਲ 10 ਦਿਨਾਂ ਦੇ ਵਿਪਾਸਨਾ ਸੈਸ਼ਨ ਲਈ ਪੰਜਾਬ ਪਹੁੰਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਲਾਂਕਿ, ਇਸ ਬਾਰੇ ਜਾਣਕਾਰੀ ਨਹੀਂ ਦਿਤੀ ਗਈ ਹੈ ਕਿ ਉਹ ਇਸ ਸੈਸ਼ਨ ਲਈ ਕਿੱਥੇ ਗਏ ਹਨ।

Arvind Kejriwal

Arvind Kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 21 ਦਸੰਬਰ ਨੂੰ ਪੁੱਛ-ਪੜਤਾਲ ਲਈ ਬੁਲਾਇਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਹਾਲਾਂਕਿ, ਇਸ ਬਾਰੇ ਜਾਣਕਾਰੀ ਨਹੀਂ ਦਿਤੀ ਗਈ ਹੈ ਕਿ ਉਹ ਇਸ ਸੈਸ਼ਨ ਲਈ ਕਿੱਥੇ ਗਏ ਹਨ।  
ਦੇਰ ਸ਼ਾਮ ਮਿਲੀ ਖ਼ਬਰ ਅਨੁਸਾਰ ਕੇਜਰੀਵਾਲ ਬਾਅਦ ਦੁਪਿਹਰ ਆਦਮਪੁਰ ਹਵਾਈ ਅੱਡੇ ਪਹੁੰਚ ਗਏ ਸਨ ਜਿਥੇ ਉਨ੍ਹਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਗਤ ਕੀਤਾ। ਜਿਸ ਤੋਂ ਬਾਅਦ ਹੁਸ਼ਿਆਰਪੁਰ ਨੇੜੇ ਫੋਰੈਸਟ ਵਿਭਾਗ ਦੇ ਰੈਸਟ ਹਾਊਸ ਪਹੁੰਚੇ। ਇਥੇ ਗੱਲਬਾਤ ਤੋਂ ਬਾਅਦ ਕੇਜਰੀਵਾਲ ਇਕੱਲੇ ਹੀ ਸ਼ਾਮ 6 ਵਜੇ ਪਿੰਡ ਮਹਿਲਾਂਵਾਲੀ ਦੇ ਅੰਨਦਗੜ੍ਹ ਵਿਖੇ ਬਣੇ ਵਿਪਾਸਾਨ ਸੈਂਟਰ ਵਿਚ ਚਲੇ ਗਏ। ਉਹ ਇਥੇ 10 ਦਿਨ ਰਹਿ ਕੇ ਯੋਗ ਸਾਧਨਾ ਕਰਨਗੇ।

ਈ.ਡੀ. ਨੇ ਸੋਮਵਾਰ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾਂ ਕਰਨ) ਦੇ ਮਾਮਲੇ ਦੇ ਸਬੰਧ ’ਚ ਪੁੱਛ-ਪੜਤਾਲ ਲਈ ਦਿੱਲੀ ਦੇ ਮੁੱਖ ਮੰਤਰੀ ਨੂੰ ਤਾਜ਼ਾ ਸੰਮਨ ਜਾਰੀ ਕੀਤੇ। ਅਧਿਕਾਰੀਆਂ ਨੇ ਦਸਿਆ ਕਿ ਕੇਜਰੀਵਾਲ ਨੇ ਮੰਗਲਵਾਰ ਨੂੰ ਵਿਪਾਸਨਾ ਮੈਡੀਟੇਸ਼ਨ ਸੈਸ਼ਨ ਲਈ ਰਵਾਨਾ ਹੋਣਾ ਸੀ ਪਰ ਉਹ ਅਜਿਹਾ ਨਹੀਂ ਕਰ ਸਕੇ ਕਿਉਂਕਿ ਉਹ ਅਲਾਇੰਸ ‘ਇੰਡੀਆ’ ਦੀ ਬੈਠਕ ’ਚ ਹਿੱਸਾ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਬੁਧਵਾਰ ਦੁਪਹਿਰ 1.30 ਵਜੇ ਦੇ ਕਰੀਬ ਨਿਰਧਾਰਤ ਧਿਆਨ ਸੈਸ਼ਨ ਲਈ ਰਵਾਨਾ ਹੋਏ ਸਨ।

ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਸੰਮਨ ਜਾਰੀ ਕਰਨ ਦੇ ਸਮੇਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪਾਰਟੀ ਦੇ ਵਕੀਲ ਨੋਟਿਸ ਦਾ ਅਧਿਐਨ ਕਰ ਰਹੇ ਹਨ ਅਤੇ ਕਾਨੂੰਨੀ ਤੌਰ ’ਤੇ ਉਚਿਤ ਕਦਮ ਚੁੱਕੇ ਜਾਣਗੇ। ਇਸ ਵਿਚ ਕਿਹਾ ਗਿਆ ਹੈ ਕਿ ਕੇਜਰੀਵਾਲ ਦਾ ਵਿਪਾਸਨਾ ਸੈਸ਼ਨ ਪਹਿਲਾਂ ਤੋਂ ਤੈਅ ਸੀ ਅਤੇ ਇਹ ਜਾਣਕਾਰੀ ਜਨਤਕ ਸੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਮੁੱਖ ਮੰਤਰੀ 19 ਦਸੰਬਰ ਨੂੰ ਵਿਪਾਸਨਾ ਸੈਸ਼ਨ ਲਈ ਜਾ ਰਹੇ ਹਨ।

 ਉਹ ਨਿਯਮਿਤ ਤੌਰ ’ਤੇ ਇਸ ਮੈਡੀਟੇਸ਼ਨ ਸੈਸ਼ਨ ਲਈ ਜਾਂਦੇ ਹਨ। ਈ.ਡੀ. ਨੇ ਇਸ ਤੋਂ ਪਹਿਲਾਂ ਕੇਜਰੀਵਾਲ ਨੂੰ 2 ਨਵੰਬਰ ਨੂੰ ਤਲਬ ਕੀਤਾ ਸੀ ਪਰ ਉਹ ਪੁੱਛ-ਪੜਤਾਲ ’ਚ ਸ਼ਾਮਲ ਨਹੀਂ ਹੋਏ ਅਤੇ ਕਿਹਾ ਸੀ ਕਿ ਨੋਟਿਸ ਗ਼ੈਰ-ਕਾਨੂੰਨੀ ਅਤੇ ਸਿਆਸਤ ਤੋਂ ਪ੍ਰੇਰਿਤ ਸੀ।    

(For more news apart from Arvind Kejriwal reached Punjab for a 10-day vipassana session, stay tuned to Rozana Spokesman)