ਬਿਹਾਰ ਦੀਆਂ ਅੱਠ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਬਣੀ ਵੱਡੀ ਚੁਣੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਯੂਪੀਏ ਵਿਚ ਇੰਨੇ ਦਲ ਹੋ ਗਏ ਹਨ ਕਿ ਉਹਨਾਂ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਮੁਸ਼ਕਲਾਂ ਆ ਰਹੀਆਂ ਹਨ।

Bihar alliance

ਨਵੀਂ ਦਿੱਲੀ : ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ ਵੱਲੋਂ ਐਨਡੀਏ ਨੂੰ ਛੱਡ ਕੇ ਯੂਪੀਏ ਵਿਚ ਸ਼ਾਮਲ ਹੋਣ ਨਾਲ ਭਾਜਪਾ ਜਨਤਾ-ਜਦ-ਯੂ-ਲੋਕ ਜਨਸ਼ਕਤੀ ਪਾਰਟੀ ਗਠਜੋੜ ਨੂੰ ਭਾਵੇਂ ਫਰਕ ਨਾ ਪਿਆ ਹੋਵੇ ਪਰ ਰਾਜਦ-ਕਾਂਗਰਸ 'ਤੇ ਇਸ ਦਾ ਡੂੰਘਾ ਅਸਰ ਪਿਆ ਹੈ। ਹੁਣ ਯੂਪੀਏ ਵਿਚ ਇੰਨੇ ਦਲ ਹੋ ਗਏ ਹਨ ਕਿ ਉਹਨਾਂ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਮੁਸ਼ਕਲਾਂ ਆ ਰਹੀਆਂ ਹਨ। ਪਹਿਲਾਂ ਕਾਂਗਰਸ ਅਤੇ ਰਾਜਦ ਵਿਚਕਾਰ 10 ਅਤੇ 20 ਸੀਟਾਂ 'ਤੇ ਚੋਣ ਲੜਨ ਦੀ ਸਹਿਮਤੀ ਬਣੀ ਸੀ।

ਪਰ ਹੌਲੀ-ਹੌਲੀ ਹੋਰ ਦਲ ਇਸ ਗਠਜੋੜ ਵਿਚ ਸ਼ਾਮਲ ਹੋ ਗਏ। ਹੁਣ ਲਾਲੂ ਪ੍ਰਸਾਦ ਯਾਦਵ ਲਈ ਇਸ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਹੈ। ਇਸ ਗਠਜੋੜ ਵਿਚ ਕੁਸ਼ਵਾਹਾ ਤੋਂ ਇਲਾਵਾ ਜੀਤਨ ਰਾਮ ਮਾਂਝੀ ਦਾ ਹਿੰਦੂਸਤਾਨੀ ਅਵਾਮ ਮੋਰਚਾ, ਮੁਕੇਸ਼ ਸਾਹਨੀ ਦੀ ਨਿਸ਼ਾਦ ਪਾਰਟੀ ਅਤੇ ਤਿੰਨ ਖੱਬੇ ਪੱਖੀ ਪਾਰਟੀਆਂ ਵੀ ਸ਼ਾਮਲ ਹਨ। ਮਾਕਪਾ, ਭਾਕਪਾ, ਅਤੇ ਭਾਕਪਾ  (ਮਾਲੇ) ਤਿੰਨਾਂ ਨੇ ਹੀ ਦੋ-ਦੋ ਸੀਟਾਂ 'ਤੇ ਦਾਅਵਾ ਪੇਸ਼ ਕੀਤਾ ਹੈ। ਪਰ ਲਾਲੂ ਯਾਦਵ ਤਿੰਨਾਂ ਨੂੰ ਸਿਰਫ ਇਕ-ਇਕ ਸੀਟ ਦੇਣ ਨੂੰ ਹੀ ਤਿਆਰ ਹਨ। 

ਪਿਛਲੀ ਵਾਰ ਖੱਬੇ ਪੱਖੀ ਦਲਾਂ ਨੂੰ ਰਾਜਦ-ਕਾਂਗਰਸ-ਐਨਸੀਪੀ ਗਠਜੋੜ ਵਿਚ ਥਾਂ ਨਹੀਂ ਮਿਲੀ ਸੀ। ਫਿਰ ਵੀ ਭਾਕਪਾ ਨੇ ਉਸ ਦਾ ਗੜ੍ਹ ਮੰਨੇ ਜਾਣ ਵਾਲੇ ਬੇਗੁਸਰਾਇ ਵਿਚ ਚੋਣ ਲੜੀ ਸੀ ਅਤੇ ਲਗਭਗ ਦੋ ਲੱਖ ਵੋਟਾਂ ਹਾਸਲ ਕਰਕੇ ਤੀਜੇ ਸਥਾਨ 'ਤੇ ਰਹੀ ਸੀ। ਜੇਕਰ ਰਾਜਦ ਅਤੇ ਭਾਕਪਾ ਵਿਚੋਂ ਇਕ ਹੀ ਪਾਰਟੀ ਲੜੀ ਹੁੰਦੀ ਤਾਂ 58 ਹਜ਼ਾਰ ਵੋਟ ਤੋਂ ਜਿੱਤ ਦਰਜ ਕਰਵਾਉਣ ਵਾਲੀ ਭਾਜਪਾ ਬੇਗੁਸਰਾਇ ਤੋਂ ਜਿੱਤ ਨਾ ਪਾਉਂਦੀ। ਇਸ ਵਾਰ ਜੇਐਨਯੂ ਦੇ ਵਿਦਿਆਰਥੀ ਸੰਗਠਨ ਦੇ ਸਾਬਕਾ ਮੁਖੀ ਕਨ੍ਹਈਆ ਕੁਮਾਰ ਬਤੌਰ ਯੂਪੀਏ ਉਮੀਦਵਾਰ ਬੇਗੁਸਰਾਇ ਤੋਂ ਚੋੜ ਲੜਨਾ ਚਾਹੁੰਦੇ ਹਨ।

ਉਹਨਾਂ ਨੇ ਬਹੁਤ ਸਮਾਂ ਪਹਿਲਾਂ ਤੋਂ ਹੀ ਬੇਗੁਸਰਾਇ ਵਿਚ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ ਹੈ। ਪਰ ਕਿਉਂਕਿ ਰਾਜਦ ਉਥੇ ਦੂਜੇ ਨੰਬਰ 'ਤੇ ਸੀ, ਇਸ ਲਈ ਲਾਲੂ ਬੇਗੁਸਰਾਇ ਤੋਂ ਅਪਣਾ ਉਮੀਦਵਾਰ ਖੜਾ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੇ ਭਾਕਪਾ ਨੂੰ ਮੋਤੀਹਾਰੀ ਸੀਟ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਹੈ। ਦੂਜੇ ਪਾਸੇ ਐਨਡੀਏ ਛੱਡ ਕੇ ਯੂਪੀਏ ਵਿਚ ਸ਼ਾਮਲ ਹੋਏ ਉਪੇਂਦਰ ਕੁਸ਼ਵਾਹਾ ਚਾਰ ਸੀਟਾਂ ਤੋਂ ਘੱਟ ਲੈਣ ਨੂੰ ਤਿਆਰ ਨਹੀਂ ਹਨ।