ਲੋਕਪਾਲ ਹੁੰਦਾ ਤਾਂ ਰੁਕ ਸਕਦਾ ਸੀ ਰਾਫ਼ੇਲ 'ਘਪਲਾ'

ਏਜੰਸੀ

ਖ਼ਬਰਾਂ, ਰਾਸ਼ਟਰੀ

ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਐਲਾਨ.......

Kisan Baburao Hazare (Anna Hazare)

ਨਵੀਂ ਦਿੱਲੀ : ਸਮਾਜਕ ਕਾਰਕੁਨ ਅੰਨਾ ਹਜ਼ਾਰੇ ਨੇ ਸੋਮਵਾਰ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਨੂੰ ਲਾਗੂ ਕਰਨ ਅਤੇ ਕਿਸਾਨਾਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ 30 ਜਨਵਰੀ ਤੋਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ। ਹਜ਼ਾਰੇ ਨੇ ਕਿਹਾ ਕਿ ਜੇਕਰ ਲੋਕਪਾਲ ਹੁੰਦਾ ਤਾਂ ਰਾਫ਼ੇਲ 'ਘਪਲਾ' ਨਾ ਹੁੰਦਾ। ਉਨ੍ਹਾਂ ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਲੋਕਪਾਲ ਅਤੇ ਲੋਕਾਯੁਕਤ ਐਕਟ, 2013 ਨੂੰ ਲਾਗੂ ਨਾ ਕਰਨ 'ਤੇ ਕੇਂਦਰ ਦੀ ਨਿੰਦਾ ਕੀਤੀ। ਉਨ੍ਹ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਦੇਸ਼ 'ਤੇ 'ਤਾਨਾਸ਼ਾਹੀ' ਵਲ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਪਿਛਲੇ ਅੱਠ ਸਾਲਾਂ 'ਚ ਲੋਕਪਾਲ ਦੀ ਮੰਗ ਨੂੰ ਲੈ ਕੇ ਅੰਨਾ ਹਜ਼ਾਰੇ ਦੀ ਇਹ ਤੀਜੀ ਭੁੱਖ ਹੜਤਾਲ ਹੋਵਗੀ। ਇਹ ਸਿਵਲ ਸੁਸਾਇਟੀ ਮੈਂਬਰਾਂ ਅਤੇ ਸਮੂਹਾਂ ਦੀ ਅਗਵਾਈ ਕਰਦਿਆਂ ਅਪ੍ਰੈਲ, 2011 'ਚ ਪਹਿਲੀ ਵਾਰੀ ਰਾਮਲੀਲਾ ਮੈਦਾਨ 'ਚ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ 'ਤੇ ਬੈਠੇ ਸਨ। ਹਜ਼ਾਰੇ ਨੇ ਕਿਹਾ, ''ਮੇਰੇ ਕੋਲ ਰਾਫ਼ੇਲ ਨਾਲ ਜੁੜੇ ਕਈ ਕਾਗ਼ਜ਼ਾਤ ਹਨ ਅਤੇ ਮੈਂ ਦੋ ਦਿਨਾਂ ਤਕ ਇਨ੍ਹਾਂ ਦਾ ਅਧਿਅਨ ਕਰਨ ਤੋਂ ਬਾਅਦ ਦੂਜੀ ਪ੍ਰੈੱਸ ਕਾਨਫ਼ਰੰਸ ਕਰਾਂਗਾ। ਮੈਨੂੰ ਇਕ ਗੱਲ ਸਮਝ ਨਹੀਂ ਆਉਂਦੀ ਕਿ ਸਮਝੌਤੇ ਤੋਂ ਇਕ ਮਹੀਨੇ ਪਹਿਲਾਂ ਬਣੀ ਇਕ ਕੰਪਨੀ ਨੂੰ ਇਸ 'ਚ ਸਹਿਯੋਗੀ ਕਿਸ ਤਰ੍ਹਾਂ ਬਣਾਇਆ ਗਿਆ?''

ਉਹ 30 ਜਨਵਰੀ ਨੂੰ ਅਪਣੇ ਪਿੰਡ ਰਾਲੇਗਾਉਂ ਸਿੱਧੀ 'ਚ ਭੁੱਖ ਹੜਤਾਲ ਕਰਨਗੇ ਅਤੇ ਸਰਕਾਰ ਵਲੋਂ ਮੰਗਾਂ ਪੂਰੀਆਂ ਹੋਣ ਤਕ ਇਸ ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ, ''ਹੁਣ ਮੈਂ ਝੂਠੇ ਦਿਲਾਸਿਆਂ 'ਤੇ ਭਰੋਸਾ ਨਹੀਂ ਕਰਾਂਗਾ ਅਤੇ ਜ਼ਿੰਦਗੀ ਰਹਿਣ ਤਕ ਭੁੱਖ ਹੜਤਾਲ ਜਾਰੀ ਰੱਖਾਂਗਾ।'' ਪਿਛਲੇ ਸਾਲ ਮਾਰਚ 'ਚ ਹਜ਼ਾਰੇ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਲੋਕਪਾਲ ਕਾਨੂੰਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਰਾਮਲੀਲਾ ਮੈਦਾਨ 'ਚ ਇਕ ਹਫ਼ਤੇ ਦੀ ਭੁੱਖ ਹੜਤਾਲ ਰੱਖੀ ਸੀ।

ਹਜ਼ਾਰੇ ਨੇ ਕਿਹਾ, ''ਕਿਸੇ ਸੰਵਿਧਾਨਕ ਸੰਸਥਾ ਦਾ ਹੁਕਮ ਲਾਗੂ ਨਾ ਕਰਨਾ ਦਸ਼ ਨੂੰ ਲੋਕਤੰਤਰ ਤੋਂ ਤਾਨਾਸ਼ਾਹੀ ਵਲ ਲਿਜਾਂਦਾ ਹੈ। ਇਹ ਸਰਕਾਰ ਵੀ ਇਸੇ ਤਰ੍ਹਾਂ ਕਰ ਰਹੀ ਹੈ। ਇਹ ਕਿਸ ਤਰ੍ਹਾਂ ਦੀ ਸਰਕਾਰ ਹੈ ਜੋ ਸੁਪਰੀਮ ਕੋਰਟ ਦੇ ਹੁਕਮ ਦਾ ਪਾਲਣ ਨਹੀਂ ਕਰਦੀ? ਇਹ ਸਰਕਾਰ ਹੈ ਜਾਂ ਕੋਈ ਬਾਣੀਏ ਦੀ ਦੁਕਾਨ।'' ਰਾਸ਼ਟਰੀ ਕਿਸਾਨ ਮਹਾਂਪੰਚਾਇਤ ਨੇ ਹਜ਼ਾਰੇ ਨੂੰ ਹਮਾਇਤ ਦਿਤੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਦੇਸ਼ਭਰ ਦੇ ਕਿਸਾਨ ਜਥੇਬੰਦੀਆਂ ਭੁੱਖ ਹੜਤਾਲ 'ਚ ਸ਼ਾਮਲ ਹੋਣਗੀਆਂ।  
            (ਪੀਟੀਆਈ)