ਨਿੱਜੀਕਰਣ ਨੂੰ ਲੈ ਕੇ ਹੜਬੜੀ ਵਿਚ ਹੈ ਕੇਂਦਰ ਸਰਕਾਰ - ਸੋਨੀਆ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਬਰਸੀ ਸੋਨੀਆ ਗਾਂਧੀ, ਕਿਹਾ ਇਹ ਸਪੱਸ਼ਟ ਹੈ ਕਿ ਖੇਤੀ ਕਾਨੂੰਨ ਜਲਦਬਾਜ਼ੀ ਵਿਚ ਬਣਾਏ ਗਏ

Sonia Gandhi

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਖੇਤੀ ਕਾਨੂੰਨਾਂ ਸਬੰਧੀ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਹੋ ਰਹੀ ਗੱਲਬਾਤ ‘ਤੇ ਹੈਰਾਨੀ ਪ੍ਰਗਟਾਈ। ਉਹਨਾਂ ਦੋਸ਼ ਲਗਾਇਆ ਕਿ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਦੇ ਨਾਂਅ ‘ਤੇ ਹੈਰਾਨ ਕਰਨ ਵਾਲੀ ਅਸੰਵੇਦਨਸ਼ੀਲਤਾ ਅਤੇ ਹੰਕਾਰ ਦਿਖਾਇਆ ਹੈ।

ਕਾਂਗਰਸ ਦੀ ਅੰਤਰਿਮ ਪ੍ਰਧਾਨ ਨੇ ਕਿਹਾ, ‘ਇਹ ਸਪੱਸ਼ਟ ਹੈ ਕਿ ਖੇਤੀ ਕਾਨੂੰਨ ਜਲਦਬਾਜ਼ੀ ਵਿਚ ਬਣਾਏ ਗਏ ਤੇ ਸੰਸਦ ਨੂੰ ਇਹਨਾਂ ‘ਤੇ ਮੁਲਾਂਕਣ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਅਸੀਂ ਇਹਨਾਂ ਕਾਨੂੰਨਾਂ ਨੂੰ ਖਾਰਜ ਕਰਦੇ ਹਾਂ ਕਿਉਂਕਿ ਇਹ ਖਾਦ ਸੁਰੱਖਿਆ ਦੀ ਬੁਨਿਆਦ ਨੂੰ ਖਤਮ ਕਰ ਦੇਣਗੇ’।

ਕਾਂਗਰਸ ਪ੍ਰਧਾਨ ਨੇ ਅਰਥਵਿਵਸਥਾ ਦੀ ਸਥਿਤੀ ਨੂੰ ਲੈ ਕੇ ਵੀ ਕੇਂਦਰ ‘ਤੇ ਹਮਲਾ ਬੋਲਿਆ ਅਤੇ ਕਿਹਾ ਕਿ ਸਰਕਾਰ ਨਿੱਜੀਕਰਣ ਨੂੰ ਲੈ ਕੇ ਹੜਬੜੀ ਵਿਚ ਹੈ। ਸੋਨੀਆ ਗਾਂਧੀ ਨੇ ਕਿਹਾ, ‘ਇਕ ਹਫ਼ਤੇ ਵਿਚ ਸੰਸਦ ਦਾ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ। ਇਹ ਬਜਟ ਸੈਸ਼ਨ ਹੈ ਪਰ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ‘ਤੇ ਚਰਚਾ ਕੀਤੇ ਜਾਣ ਦੀ ਲੋੜ ਹੈ। ਕੀ ਸਰਕਾਰ ਇਸ ‘ਤੇ ਸਹਿਮਤ ਹੁੰਦੀ ਹੈ, ਇਹ ਦੇਖਣਾ ਹੋਵੇਗਾ ?’

ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਦੀ ਕਥਿਤ ਵਟਸਐਪ ਚੈਟ ਨੂੰ ਲੈ ਕੇ ਤੰਨਜ ਕੱਸਿਆ। ਉਹਨਾਂ ਨੇ ਅਰਨਬ ਗੋਸਵਾਮੀ ਦੀ ਵਟਸਐਪ ਚੈਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੂਜਿਆਂ ਨੂੰ ਦੇਸ਼ਭਗਤੀ ਅਤੇ ਰਾਸ਼ਟਰਵਾਦ ਦਾ ਪ੍ਰਮਾਣ ਪੱਤਰ ਵੰਡਣ ਵਾਲੇ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਗਏ ਹਨ।

ਉਹਨਾਂ ਅੱਗੇ ਕਿਹਾ, ‘ਹਾਲ ਹੀ ਵਿਚ ਮੈਂ ਬਹੁਤ ਹੀ ਪਰੇਸ਼ਾਨ ਕਰਨ ਵਾਲੀਆਂ ਖ਼ਬਰਾਂ ਦੇਖੀਆਂ ਕਿ ਕਿਸ ਤਰ੍ਹਾਂ ਰਾਸ਼ਟਰੀ ਸੁਰੱਖਿਆ ਦੇ ਨਾਲ ਸਮਝੌਤਾ ਕੀਤਾ ਗਿਆ ਹੈ... ਜੋ ਲੋਕ ਦੂਜਿਆਂ ਨੂੰ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦਾ ਪ੍ਰਮਾਣ ਪੱਤਰ ਵੰਡਦੇ ਹਨ ਉਹ ਪੂਰੀ ਤਰ੍ਹਾਂ ਬੇਨਕਾਬ ਹੋ ਗਏ’।