ਲਾਲੂ ਪ੍ਰਸਾਦ ਯਾਦਵ ਦੀ ਹਾਲਤ ਸਥਿਰ, ਰਿਮਜ਼ ਵਿੱਚ ਕਰਵਾਇਆ ਗਿਆ ਹੈ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਾਲੂ ਪ੍ਰਸਾਦ ਯਾਦਵ ਥੋੜੇ ਬੀਮਾਰ ਹਨ, ਫੇਫੜਿਆਂ 'ਚ ਸੰਕਰਮਣ ਹੈ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ।

Lalu Prasad Yadav

ਰਾਂਚੀ: ਰਾਜਦ ਦੇ ਕੌਮੀ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਬੀਤੇ ਦਿਨੀ ਸ਼ਾਮ ਨੂੰ ਅਚਾਨਕ ਖ਼ਰਾਬ ਹੋ ਗਈ ਸੀ ਪਰ ਹੁਣ ਸਥਿਰ ਦੱਸੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਨਕਰੀ ਦੇ ਮੁਤਾਬਿਕ ਲਾਲੂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਦੇ ਨਾਲ-ਨਾਲ ਨਮੂਨੀਆ ਹੈ। ਜਿਵੇਂ ਹੀ ਲਾਲੂ ਪ੍ਰਸਾਦ ਨੂੰ ਰਾਂਚੀ ਦੇ ਰਿਮਜ਼ ਵਿਖੇ ਪੇਇੰਗ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਨ੍ਹਾਂ ਨੂੰ ਮਿਲਣ  ਸਿਹਤ ਮੰਤਰੀ ਬੰਨਾ ਗੁਪਤਾ ਵੀ ਰਿਮਜ਼ ਪਹੁੰਚੇ।

ਇਸ ਦੇ ਨਾਲ ਹੀ ਝਾਰਖੰਡ ਦੇ ਸਿਹਤ ਮੰਤਰੀ ਬੰਨਾ ਗੁਪਤਾ ਨੇ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਥੋੜੇ ਬੀਮਾਰ ਹਨ, ਫੇਫੜਿਆਂ 'ਚ ਸੰਕਰਮਣ ਹੈ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਲਾਲੂ ਨੂੰ ਐਂਟੀ-ਬਾਇਓਟਿਕ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਸ ਦੀ ਐਕਸਰੇ ਅਤੇ ਹੋਰ ਟੈਸਟ ਕੀਤੇ ਜਾ ਚੁੱਕੇ ਹਨ। ਕੋਵਿਡ -19 ਲਈ ਉਸ ਦਾ ਐਂਟੀਜੇਨ ਟੈਸਟ ਨੈਗੇਟਿਵ ਆਇਆ ਹੈ ਜਦੋਂ ਕਿ RT-PCR ਟੈਸਟ ਰਿਪੋਰਟ ਦੀ ਉਡੀਕ ਹੈ। 

ਜ਼ਿਕਰਯੋਗ ਹੈ ਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ ਨਾਲ ਜੁੜੇ ਦੁਮਕਾ ਖਜ਼ਾਨੇ ਕੇਸ ਵਿੱਚ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਲਾਲੂ ਪ੍ਰਸਾਦ 23 ਦਸੰਬਰ 2017 ਤੋਂ ਜੇਲ੍ਹ ਵਿੱਚ ਹੈ, ਕਿਉਂਕਿ ਉਨ੍ਹਾਂ ਨੂੰ ਕਰੋੜਾਂ ਰੁਪਏ ਦੇ ਚਾਰੇ ਘੁਟਾਲੇ ਵਿੱਚ ਦੋਸ਼ੀ ਠਹਿਰਾਇਆ ਗਿਆ। ਹਾਲਾਂਕਿ, ਲਾਲੂ ਕਈ ਬਿਮਾਰੀਆਂ ਕਰਕੇ ਪਿਛਲੇ ਲੰਬੇ ਸਮੇਂ ਤੋਂ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ।