ਉਤਪਲ ਪਾਰਿਕਰ ਨੇ ਭਾਜਪਾ ਛੱਡੀ, ਆਜ਼ਾਦ ਉਮੀਦਵਾਰ ਵਜੋਂ ਲੜਨਗੇ
ਵੀਰਵਾਰ ਨੂੰ ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ 34 ਉਮੀਦਾਵਾਰਾਂ ਦੀ ਸੂਚੀ ਜਾਰੀ ਕੀਤੀ ਸੀ, ਪਰ ਇਸ ਵਿਚ ਉਤਪਲ ਦਾ ਨਾਂ ਨਹੀਂ ਸੀ।
ਪਣਜੀ : ਪਣਜੀ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਚਲ ਰਹੇ ਗੋਆ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਮਨੋਹਰ ਪਾਰਿਕਰ ਦੇ ਪੁੱਤਰ ਉਤਪਲ ਪਾਰਿਕਰ ਨੇ ਭਾਜਪਾ ਛੱਡ ਦਿਤੀ ਹੈ। ਮਨੋਹਰ ਪਾਰਿਕਰ ਵੀ ਇਸੇ ਸੀਟ ਤੋਂ ਚੋਣ ਲੜਦੇ ਸਨ। ਵੀਰਵਾਰ ਨੂੰ ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ 34 ਉਮੀਦਾਵਾਰਾਂ ਦੀ ਸੂਚੀ ਜਾਰੀ ਕੀਤੀ ਸੀ, ਪਰ ਇਸ ਵਿਚ ਉਤਪਲ ਦਾ ਨਾਂ ਨਹੀਂ ਸੀ। ਪਾਰਟੀ ਨੇ ਇਥੋਂ ਬਾਬੁਸ਼ ਮੋਨਸੇਰਾਟੇ ਨੂੰ ਟਿਕਟ ਦਿਤਾ ਹੈ
ਜੋ ਹਮੇਸ਼ਾਂ ਪਾਰਿਕਰ ਦੇ ਵਿਰੋਧੀ ਰਹੇ ਸਨ। ਉਤਪਲ ਨੇ ਕਿਹਾ ਕਿ ਮੈਂ ਪਿਛਲੀਆਂ ਅਤੇ ਇਨ੍ਹਾਂ ਚੋਣਾਂ ਦੌਰਾਨ ਅਪਣੀ ਪਾਰਟੀ ਨੂੰ ਇਹ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਨੂੰ ਸਿਰਫ ਪਾਰਟੀ ਦੇ ਸਾਰੇ ਮੈਂਬਰਾਂ ਦਾ ਹੀ ਨਹੀਂ, ਬਲਕਿ ਪਣਜੀ ਦੇ ਲੋਕਾਂ ਦਾ ਵੀ ਸਮਰਥਨ ਹਾਸਲ ਹੈ। ਇਸ ਦੇ ਬਾਵਜੂਦ ਪਣਜੀ ਤੋਂ ਉਮੀਦਵਾਰੀ ਨਹੀਂ ਦਿਤੀ ਗਈ। ਇਥੋਂ ਕਿਸੇ ਹੋਰ ਵਿਅਕਤੀ ਨੂੰ ਟਿਕਟ ਦੇ ਦਿਤਾ ਗਿਆ, ਜੋ ਪਿਛਲੇ ਦੋ ਸਾਲ ਤੋਂ ਹੀ ਪਾਰਟੀ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਮੈਂ ਅੱਗੇ ਵਧਣਾ ਚਾਹੁੰਦਾ ਹਾਂ ਅਤੇ ਪਣਜੀ ਦੇ ਲੋਕਾਂ ਨੂੰ ਮੇਰੀ ਸਿਆਸੀ ਕਿਸਮਤ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਉਤਪਲ ਨੂੰ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ ਸੀ।