ਸਵਾਤੀ ਮਾਲੀਵਾਲ ਨੂੰ ਕਾਰ ਨਾਲ ਘਸੀਟਣ ਵਾਲੇ ਦੋਸ਼ੀ ਨੂੰ ਮਿਲੀ ਜ਼ਮਾਨਤ
ਕੋਰਟ ਨੇ ਕਿਹਾ- ਦੋਸ਼ੀ ਨੂੰ ਸਲਾਖਾਂ ਪਿੱਛੇ ਰੱਖਣ ਦਾ ਕੋਈ ਉਪਯੋਗੀ ਮਕਸਦ ਨਹੀਂ ਹੋਵੇਗਾ
ਨਵੀਂ ਦਿੱਲੀ- ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨਾਲ ਛੇੜਛਾੜ ਕਰਨ ਅਤੇ ਘਸੀਟਣ ਦੇ ਦੋਸ਼ੀ ਹਰੀਸ਼ਚੰਦਰ ਨੂੰ ਸ਼ਨੀਵਾਰ ਨੂੰ ਸਾਕੇਤ ਕੋਰਟ ਦੇ ਮੈਟਰੋਪੋਲੀਟਨ ਮੈਜਿਸਟ੍ਰੇਟ ਸੰਘਮਿਤਰਾ ਨੇ 50,000 ਰੁਪਏ ਦੇ ਜ਼ਮਾਨਤੀ ਬਾਂਡ 'ਤੇ ਜ਼ਮਾਨਤ ਦੇ ਦਿੱਤੀ। ਆਪਣੇ ਹੁਕਮ ਵਿੱਚ ਜੱਜ ਨੇ ਕਿਹਾ ਕਿ ਮੇਰਾ ਵਿਚਾਰ ਹੈ ਕਿ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਰੱਖਣ ਦਾ ਕੋਈ ਲਾਭਦਾਇਕ ਮਕਸਦ ਨਹੀਂ ਹੈ।
ਧਾਰਾ 354 ਨੂੰ ਛੱਡ ਕੇ, ਦੋਸ਼ੀ ਦੇ ਖਿਲਾਫ ਲਗਾਏ ਗਏ ਸਾਰੇ ਅਪਰਾਧ ਜ਼ਮਾਨਤੀ ਹਨ। ਸੁਣਵਾਈ ਦੌਰਾਨ, ਅਦਾਲਤ ਨੇ ਮਾਮਲੇ ਦੇ ਪੁਲਿਸ ਜਾਂਚ ਅਧਿਕਾਰੀ (IO) ਨੂੰ ਦੋਸ਼ੀ ਦੀ ਹਿਰਾਸਤੀ ਪੁੱਛਗਿੱਛ ਦੀ ਲੋੜ ਬਾਰੇ ਪੁੱਛਿਆ, ਜਿਸ 'ਤੇ IO ਨੇ ਨਾਂਹ ਵਿੱਚ ਜਵਾਬ ਦਿੱਤਾ। ਜਿਸ ਤੋਂ ਬਾਅਦ ਮਾਮਲੇ ਦੇ ਦੋਸ਼ੀ ਨੂੰ ਜ਼ਮਾਨਤ ਮਿਲ ਗਈ ਸੀ।
ਦੱਸ ਦੇਈਏ ਕਿ ਦੋਸ਼ੀ ਹਰੀਸ਼ਚੰਦਰ ਦੇ ਵਕੀਲ ਐਸਕੇ ਢਾਕਾ ਨੇ ਅਦਾਲਤ ਵਿੱਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਜ਼ਿਕਰਯੋਗ ਹੈ ਕਿ ਵੀਰਵਾਰ ਰਾਤ ਨੂੰ ਔਰਤਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਦਿੱਲੀ ਮਹਿਲਾ ਕਮਿਸ਼ਨ (DCW) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ। ਉਹ ਏਮਜ਼ ਦੇ ਸਾਹਮਣੇ ਰਿੰਗ ਰੋਡ 'ਤੇ ਬੱਸ ਸਟਾਪ ਕੋਲ ਖੜ੍ਹੀ ਸੀ। ਇਸ ਦੌਰਾਨ ਇੱਕ ਕਾਰ ਆਈ ਅਤੇ ਡਰਾਈਵਰ ਨੇ ਉਨ੍ਹਾਂ ਨੂੰ ਕਾਰ ਵਿੱਚ ਬੈਠਣ ਲਈ ਕਿਹਾ। ਇਨਕਾਰ ਕਰਨ 'ਤੇ ਉਹ ਕੁਝ ਦੇਰ ਉਨ੍ਹਾਂ ਵੱਲ ਵੇਖਦਾ ਰਿਹਾ ਅਤੇ ਫਿਰ ਚਲਾ ਗਿਆ, ਪਰ ਫਿਰ ਉਨ੍ਹਾਂ ਕੋਲ ਵਾਪਸ ਆ ਗਿਆ।
ਦੋਸ਼ ਹੈ ਕਿ ਉਸ ਨੇ ਉਨ੍ਹਾਂ ਨੂੰ ਕਾਰ 'ਚ ਬੈਠਣ ਲਈ ਕਿਹਾ ਅਤੇ ਉਨ੍ਹਾਂ ਦੇ ਮਨ੍ਹਾ ਕਰਨ 'ਤੇ ਅਸ਼ਲੀਲ ਇਸ਼ਾਰੇ ਕਰਨ ਲੱਗੇ। ਜਦੋਂ ਉਨ੍ਹਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖਿੜਕੀ ਦਾ ਸ਼ੀਸ਼ਾ ਬੰਦ ਕਰ ਦਿੱਤਾ ਜਿਸ ਨਾਲ ਸਵਾਤੀ ਦਾ ਹੱਥ ਸ਼ੀਸ਼ੇ ਵਿੱਚ ਫਸ ਗਿਆ। ਉਸ ਨੇ ਸਪੀਡ ਵਧਾ ਕੇ ਉਨ੍ਹਾਂ ਨੂੰ ਕਾਰ ਨਾਲ ਕਰੀਬ 15 ਮੀਟਰ ਤੱਕ ਘਸੀਟਿਆ। ਕਿਸੇ ਤਰ੍ਹਾਂ ਉਸ ਦਾ ਹੱਥ ਛੁੱਟ ਗਿਆ। ਇਸ ਤੋਂ ਬਾਅਦ ਪੀ.ਸੀ.ਆਰ. ਨੂੰ ਕਾਲ ਕੀਤੀ ਗਈ।
ਇਹ ਵੀ ਪੜ੍ਹੋ: ਕੈਨੇਡਾ ਬੈਠੇ ਠੱਗ ਨੇ ਭਤੀਜਾ ਬਣ ਕੇ ਸਾਬਕਾ ਮੰਤਰੀ ਦੀ ਸੱਸ ਤੋਂ ਠੱਗੇ 15 ਲੱਖ ਰੁਪਏ
ਕੋਟਲਾ ਮੁਬਾਰਕਪੁਰ ਥਾਣਾ ਪੁਲਿਸ ਨੇ ਸੰਗਮ ਵਿਹਾਰ ਇਲਾਕੇ ਦੇ ਰਹਿਣ ਵਾਲੇ ਦੋਸ਼ੀ ਕਾਰ ਚਾਲਕ ਹਰੀਸ਼ ਚੰਦਰ ਨੂੰ 23 ਮਿੰਟਾਂ ਦੇ ਅੰਦਰ ਹੀ ਗ੍ਰਿਫਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।