CAG report: ਕੋਰੋਨਾ ਮਹਾਂਮਾਰੀ ਦੌਰਾਨ PPE ਕਿੱਟਾਂ ਦੀ ਖ਼ਰੀਦ ’ਚ ਹੋਇਆ ਕਰੋੜਾਂ ਦਾ ਘਪਲਾ; ਕੈਗ ਦੀ ਰਿਪੋਰਟ ਨਾਲ ਕੇਰਲ ’ਚ ਹੰਗਾਮਾ
CAG report: ਮਹਾਂਮਾਰੀ ਦੌਰਾਨ ਕੇਰਲ ਸਰਕਾਰ ਨੇ ਪੀਪੀਈ ਦੀ ਖ਼ਰੀਦ ਵਿਚ ਬੇਨਿਯਮੀਆਂ ਕੀਤੀਆਂ ਅਤੇ ਕਰੋੜਾਂ ਦਾ ਹੋਇਆ ਘਪਲਾ
CAG report: ਕੋਰੋਨਾ ਮਹਾਮਾਰੀ ਦੌਰਾਨ ਟੀਕੇ ਦੇ ਨਾਲ ਪੀਪੀਈ ਕਿੱਟਾਂ ਨੇ ਵੀ ਲੋਕਾਂ ਦੀ ਜਾਨ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਹੁਣ ਕੇਰਲ ਵਿਚ ਪੀਪੀਈ ਕਿੱਟਾਂ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਹੈ। ਦਰਅਸਲ, ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਯਾਨੀ ਕੈਗ ਨੇ ਮੰਗਲਵਾਰ ਨੂੰ ਕੇਰਲ ਵਿਚ ਪੀਪੀਈ ਕਿੱਟਾਂ ਦੀ ਖ਼ਰੀਦ ਵਿਚ ਘਪਲੇ ਬਾਰੇ ਇਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਜ ਵਿਚ ਮਹਾਂਮਾਰੀ ਦੌਰਾਨ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਅਗਵਾਈ ਵਾਲੀ ਸਰਕਾਰ ਨੇ ਪੀਪੀਈ ਦੀ ਖ਼ਰੀਦ ਵਿਚ ਬੇਨਿਯਮੀਆਂ ਕੀਤੀਆਂ ਅਤੇ ਕਰੋੜਾਂ ਦਾ ਘਪਲਾ ਵੀ ਹੋਇਆ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਉਨ੍ਹਾਂ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।
ਕੈਗ ਦੀ ਰਿਪੋਰਟ ਅਨੁਸਾਰ, ਪੀਪੀਈ ਕਿੱਟਾਂ ਦੀ ਖ਼ਰੀਦ ਵਿਚ 10.23 ਕਰੋੜ ਰੁਪਏ ਵਾਧੂ ਖ਼ਰਚ ਕੀਤੇ ਗਏ ਸਨ। ਰਿਪੋਰਟ ’ਚ ਦੋਸ਼ ਲਗਾਇਆ ਗਿਆ ਹੈ ਕਿ ਸੈਨ ਫ਼ਾਰਮਾ ਨਾਂ ਦੀ ਕੰਪਨੀ ਨੂੰ ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਦੋਸ਼ ਹੈ ਕਿ ਇਹ ਕੰਪਨੀ ਉੱਚੇ ਰੇਟਾਂ ’ਤੇ ਕਿੱਟਾਂ ਵੇਚ ਰਹੀ ਸੀ, ਫਿਰ ਵੀ ਇਹ ਠੇਕਾ ਕੰਪਨੀ ਨੂੰ ਦਿਤਾ ਗਿਆ ਸੀ ਅਤੇ ਫ਼ਰਮ ਨੂੰ 100 ਫ਼ੀ ਸਦੀ ਰਕਮ ਪਹਿਲਾਂ ਹੀ ਅਦਾ ਕਰ ਦਿਤੀ ਗਈ ਸੀ। ਜ਼ਿਕਰਯੋਗ ਹੈ ਕਿ ਮਾਰਚ 2020 ਵਿਚ, ਸੱਤਾਧਾਰੀ ਐਲਡੀਐਫ਼ ਸਰਕਾਰ ਨੇ ਕੋਵਿਡ -19 ਮਹਾਂਮਾਰੀ ਦੌਰਾਨ ਪੀਪੀਈ ਕਿੱਟਾਂ, ਐਨ 95 ਮਾਸਕ ਅਤੇ ਹੋਰ ਚੀਜ਼ਾਂ ਦੀ ਖ਼ਰੀਦ ਲਈ ਕੇਰਲ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਲਿਮਿਟੇਡ (ਕੇਐਮਐਸਸੀਐਲ) ਨੂੰ ਵਿਸ਼ੇਸ਼ ਪ੍ਰਵਾਨਗੀ ਦਿਤੀ ਸੀ।
ਰਿਪੋਰਟ ਸਾਹਮਣੇ ਆਉਣ ’ਤੇ ਵਿਰੋਧੀ ਧਿਰ ਨੇ ਐਲਡੀਐਫ਼ ਸਰਕਾਰ ਨੂੰ ਘੇਰ ਲਿਆ ਹੈ। ਕਾਂਗਰਸ ਨੇਤਾ ਵੀਡੀ ਸਤੀਸਨ ਨੇ ਐਲਡੀਐਫ਼ ਸਰਕਾਰ ’ਤੇ ਕੋਵਿਡ -19 ਮਹਾਂਮਾਰੀ ਦੌਰਾਨ ਜਾਨਾਂ ਬਚਾਉਣ ਨਾਲੋਂ ਆਪਣੀਆਂ ਜੇਬਾਂ ਭਰਨ ਲਈ ਵਧੇਰੇ ਚਿੰਤਤ ਹੋਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ, ‘‘ਕੈਗ ਦੀ ਰਿਪੋਰਟ ਕੋਵਿਡ-19 ਮਹਾਂਮਾਰੀ ਦੌਰਾਨ ਭ੍ਰਿਸ਼ਟਾਚਾਰ ਬਾਰੇ ਵਿਰੋਧੀ ਧਿਰ ਦੇ ਦੋਸ਼ਾਂ ਦੀ ਪੁਸ਼ਟੀ ਕਰਦੀ ਹੈ। ਇਹ ਘੁਟਾਲਾ ਮੁੱਖ ਮੰਤਰੀ ਅਤੇ ਸਾਬਕਾ ਸਿਹਤ ਮੰਤਰੀ ਕੇ ਕੇ ਸ਼ੈਲਜਾ ਦੀ ਜਾਣਕਾਰੀ ਨਾਲ ਹੋਇਆ ਸੀ,’’। ਉਥੇ ਹੀ ਕੇਕੇ ਸ਼ੈਲਜਾ ਨੇ ਕਿਹਾ ਕਿ ਇਸ ਰਿਪੋਰਟ ਦੀ ਜਾਂਚ ਚੱਲ ਰਹੀ ਹੈ।