ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕਤੰਤਰ ਅਤੇ ਚੋਣ ਪ੍ਰਬੰਧਨ ’ਤੇ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਡਿਜੀਟਲ ਪਲੇਟਫਾਰਮ ਈਸੀਆਈ-ਨੈੱਟ ਦੀ ਸ਼ੁਰੂਆਤ
ਈਸੀਆਈ-ਨੈੱਟ ਦਾ ਵਿਚਾਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ (ਈਸੀ) ਡਾ. ਸੁਖਬੀਰ ਸਿੰਘ ਸੰਧੂ ਦੁਆਰਾ ਕੀਤਾ ਗਿਆ
ਚੰਡੀਗੜ੍ਹ : ਭਾਰਤ ਦੇ ਚੋਣ ਕਮਿਸ਼ਨ (ਈ.ਸੀ.ਆਈ.) ਨੇ ਅੱਜ ਲੋਕਤੰਤਰ ਅਤੇ ਚੋਣ ਪ੍ਰਬੰਧਨ ’ਤੇ ਅੰਤਰਰਾਸ਼ਟਰੀ ਕਾਨਫਰੰਸ (ਆਈਆਈਸੀਡੀਈਐਮ) 2026 ਵਿਖੇ ਚੋਣਾਂ ਨਾਲ ਸਬੰਧਤ ਸਾਰੀਆਂ ਜਾਣਕਾਰੀਆਂ ਅਤੇ ਸੇਵਾਵਾਂ ਲਈ ਆਪਣਾ ਵਨ-ਸਟਾਪ ਡਿਜੀਟਲ ਪਲੇਟਫਾਰਮ ਈਸੀਆਈ-ਨੈੱਟ ਲਾਂਚ ਕੀਤਾ ਹੈ। ਇਹ ਤਿੰਨ ਰੋਜ਼ਾ ਕਾਨਫਰੰਸ 21-23 ਜਨਵਰੀ, 2026 ਤੱਕ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਕਰਵਾਈ ਜਾ ਰਹੀ ਹੈ।
ਈਸੀਆਈ-ਨੈੱਟ ਦਾ ਵਿਚਾਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ (ਈਸੀ) ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੁਆਰਾ ਕੀਤਾ ਗਿਆ ਸੀ ਅਤੇ ਇਸਨੂੰ ਡਿਜ਼ਾਈਨ ਕਰਨ ਦਾ ਐਲਾਨ ਮਈ, 2025 ਵਿੱਚ ਕੀਤਾ ਗਿਆ।
ਈਸੀਆਈ-ਨੈੱਟ ਦੇ ਲਾਂਚ ਮੌਕੇ ਬੋਲਦਿਆਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਦੱਸਿਆ ਕਿ ਇਸ ਪਲੇਟਫਾਰਮ ਨੂੰ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਤਿਆਰ ਕੀਤਾ ਗਿਆ ਹੈ ਅਤੇ ਇਹ 22 ਭਾਸ਼ਾਵਾਂ ਅਤੇ ਅੰਗਰੇਜ਼ੀ ਵਿੱਚ ਉਪਲਬਧ ਹੈ। ਉਨ੍ਹਾਂ ਨੇ ਦੁਨੀਆ ਭਰ ਦੀਆਂ ਚੋਣ ਪ੍ਰਬੰਧਨ ਸੰਸਥਾਵਾਂ ਨੂੰ ਆਪਣੇ ਦੇਸ਼ਾਂ ਲਈ ਕਾਨੂੰਨਾਂ ਦੀ ਪਾਲਣਾ ਤਹਿਤ ਆਪਣੀਆਂ ਸਬੰਧਤ ਭਾਸ਼ਾਵਾਂ ਵਿੱਚ ਅਜਿਹੇ ਹੀ ਡਿਜੀਟਲ ਪਲੇਟਫਾਰਮ ਵਿਕਸਿਤ ਕਰਨ ਲਈ ਭਾਰਤ ਨਾਲ ਸਹਿਯੋਗ ਕਰਨ ਦੀ ਪੇਸ਼ਕਸ਼ ਕੀਤੀ ਹੈ।
ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਨੇ ਕਿਹਾ ਕਿ ਈਸੀਆਈ-ਨੈੱਟ ਚੋਣ ਪ੍ਰਬੰਧਨ ਸੰਸਥਾਵਾਂ ਪ੍ਰਤੀ ਭਰੋਸੇ ਨੂੰ ਕਾਇਮ ਕਰਨ ਲਈ ਇੱਕ ਬਹੁਤ ਵਧੀਆ ਟੂਲ ਹੈ ਕਿਉਂਕਿ ਇਹ ਵਧੇਰੇ ਪਾਰਦਰਸ਼ਤਾ ਲਿਆਉਣ ਅਤੇ ਸਮੁੱਚੇ ਕਾਰਜਾਂ ਦੀ ਨਿਗਰਾਨੀ ਦੇ ਨਾਲ-ਨਾਲ ਜਲਦ ਫੈਸਲਾ ਲੈਣ ਅਤੇ ਜਾਣਕਾਰੀ ਦੇ ਪ੍ਰਸਾਰ ਵਿੱਚ ਮਦਦ ਕਰਦਾ ਹੈ। ਚੋਣ ਕਮਿਸ਼ਨਰ ਡਾ. ਵਿਵੇਕ ਜੋਸ਼ੀ ਨੇ ਕਿਹਾ ਕਿ ਇਹ ਕਾਨਫਰੰਸ ਈ.ਐਮ.ਬੀਜ਼ (ਚੋਣ ਪ੍ਰਬੰਧਨ ਸੰਸਥਾਵਾਂ) ਨੂੰ ਤਕਨਾਲੋਜੀ ਅਤੇ ਡਿਜੀਟਲ ਨਵੀਨਤਾਵਾਂ ਨੂੰ ਅਪਣਾਉਣ ਸਬੰਧੀ ਵਿਸ਼ਵਵਿਆਪੀ ਅਭਿਆਸਾਂ ਤੋਂ ਸਿੱਖਣ ਦਾ ਮੌਕਾ ਪ੍ਰਦਾਨ ਕਰੇਗੀ।
ਆਪਣੀ ਪੇਸ਼ਕਾਰੀ ਦੌਰਾਨ ਡਾਇਰੈਕਟਰ ਜਨਰਲ ਸੂਚਨਾ ਤਕਨਾਲੋਜੀ ਡਾ. ਸੀਮਾ ਖੰਨਾ ਨੇ ਕਿਹਾ ਕਿ ਸਾਈਬਰ ਸੁਰੱਖਿਆ ਈਸੀਆਈ-ਨੈੱਟ ਦੇ ਮੁੱਖ ਥੰਮ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਹੁਣ ਮਹਿਜ਼ ਇੱਕ ਸਹਾਇਤਾ ਕਾਰਕ ਨਾ ਰਹੇ ਕੇ ਇੱਕ ਰਣਨੀਤਕ ਸਾਧਨ ਬਣ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਈਸੀਆਈ-ਨੈੱਟ ਚੋਣਾਂ ਵਿੱਚ ਪਾਰਦਰਸ਼ਤਾ, ਕੁਸ਼ਲਤਾ, ਭਰੋਸੇਯੋਗਤਾ ਅਤੇ ਲੋਕਾਂ ਦੇ ਵਿਸ਼ਵਾਸ ਨੂੰ ਵਧਾਉਣ ਲਈ ਇੱਕ ਅਹਿਮ ਪਹਿਲਕਦਮੀ ਹੈ।
ਈਸੀਆਈ-ਨੈੱਟ ਦੁਨੀਆ ਦਾ ਸਭ ਤੋਂ ਵੱਡਾ ਚੋਣ ਸੇਵਾ ਪਲੇਟਫਾਰਮ ਹੈ ਜੋ ਭਾਰਤ ਦੇ ਚੋਣ ਕਮਿਸ਼ਨ ਦੇ 40 ਤੋਂ ਵੱਧ ਐਪਸ ਅਤੇ ਪੋਰਟਲਾਂ ਨੂੰ ਏਕੀਕ੍ਰਿਤ ਕਰਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਸਾਰੀਆਂ ਚੋਣ ਸੇਵਾਵਾਂ ਨੂੰ ਇੱਕ ਸਹਿਜ ਅਨੁਭਵ ਵਿੱਚ ਇੱਕਜੁਟ ਕਰਦਾ ਹੈ। ਇਹ ਪਲੇਟਫਾਰਮ ਭਾਰਤ ਦੇ ਸੰਵਿਧਾਨ, ਲੋਕ ਪ੍ਰਤੀਨਿਧਤਾ ਐਕਟ, 1950 ਅਤੇ 1951, ਵੋਟਰ ਰਜਿਸਟ੍ਰੇਸ਼ਨ ਨਿਯਮ, 1960 ਅਤੇ ਕੰਡਕਟ ਆਫ਼ ਇਲੈਕਸ਼ਨ ਰੂਲਜ਼, 1961 ਦੀ ਸਖ਼ਤੀ ਨਾਲ ਪਾਲਣਾ ਤਹਿਤ ਵਿਕਸਤ ਕੀਤਾ ਗਿਆ ਹੈ।
ਈਸੀਆਈ-ਨੈੱਟ ਨਾਗਰਿਕਾਂ, ਉਮੀਦਵਾਰਾਂ, ਰਾਜਨੀਤਿਕ ਪਾਰਟੀਆਂ, ਚੋਣ ਅਧਿਕਾਰੀਆਂ ਨੂੰ ਇੱਕ ਥਾਂ ‘ਤੇ ਜੋੜ ਕੇ ਵੋਟਰ ਰਜਿਸਟ੍ਰੇਸ਼ਨ, ਵੋਟਰ ਸੂਚੀ ਸਬੰਧੀ ਸਰਚ, ਅਰਜ਼ੀ ਨੂੰ ਟਰੈਕ ਕਰਨ, ਆਪਣੇ ਉਮੀਦਵਾਰ ਨੂੰ ਜਾਣਨ, ਚੋਣ ਅਧਿਕਾਰੀਆਂ ਨਾਲ ਜੁੜਨ, ਬੀ.ਐਲ.ਓਜ਼ਨ ਨਾਲ ਨਾਲ ਕਾਲ ਦਾ ਸਮਾਂ ਤੈਅ ਕਰਨ, ਈ-ਐਪਿਕ ਦੀ ਡਾਊਨਲੋਡਿੰਗ, ਪੋਲਿੰਗ ਰੁਝਾਨ, ਸ਼ਿਕਾਇਤ ਨਿਵਾਰਣ ਵਰਗੀਆਂ ਮੁੱਖ ਸੇਵਾਵਾਂ ਨੂੰ ਇੱਕ ਸੁਰੱਖਿਅਤ ਪਲੇਟਫਾਰਮ ’ਤੇ ਉਪਲੱਬਧ ਕਰਵਾਉਂਦਾ ਹੈ।
ਇਸ ਪਲੇਟਫਾਰਮ ਦਾ ਬੀਟਾ ਵਰਜ਼ਨ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਅਤੇ ਵਿਸ਼ੇਸ਼ ਸੰਖੇਪ ਸੋਧ (ਐਸ.ਆਈ.ਆਰ.) ਦੌਰਾਨ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ ਸੀ, ਜਿਸ ਨਾਲ ਚੋਣ ਕਮਿਸ਼ਨ ਨੂੰ ਹੋਰ ਬਿਹਤਰ ਢੰਗ ਨਾਲ ਨਾਗਰਿਕ-ਕੇਂਦਰਿਤ ਚੋਣ ਸੇਵਾਵਾਂ ਪ੍ਰਦਾਨ ਕਰਨ ਅਤੇ ਇੱਕ ਬਟਨ ਦੇ ਕਲਿੱਕ ’ਤੇ ਚੋਣਾਂ ਨਾਲ ਸਬੰਧਤ ਸਾਰੀ ਜਾਣਕਾਰੀ ਉਪਲੱਬਧ ਕਰਾਉਣ ਦੇ ਸਮਰੱਥ ਬਣਾਇਆ ਗਿਆ ਸੀ। ਇਸਦੇ ਲਾਂਚ ਤੋਂ ਪਹਿਲਾਂ ਪਲੇਟਫਾਰਮ ਨੂੰ ਅੰਤਿਮ ਰੂਪ ਦੇਣ ਸਮੇਂ ਨਾਗਰਿਕਾਂ ਤੋਂ ਸੁਝਾਅ ਵੀ ਮੰਗੇ ਗਏ ਸਨ।
ਬੀਟਾ ਵਰਜ਼ਨ ਦੇ ਰਿਲੀਜ਼ ਤੋਂ ਬਾਅਦ ਈਸੀਆਈ-ਨੈੱਟ ਨੇ ਹੁਣ ਤੱਕ 10 ਕਰੋੜ ਤੋਂ ਵੱਧ ਰਜਿਸਟ੍ਰੇਸ਼ਨ ਫਾਰਮਾਂ ਦਾ ਨਿਬੇੜਾ ਕੀਤਾ ਹੈ, ਜੋ ਔਸਤਨ 2.7 ਲੱਖ ਫਾਰਮ ਪ੍ਰਤੀ ਦਿਨ ਬਣਦਾ ਹੈ। ਇਸ ਪਲੇਟਫਾਰਮ ’ਤੇ 11 ਲੱਖ ਤੋਂ ਵੱਧ ਬੂਥ ਲੈਵਲ ਅਫਸਰ (ਬੀਐਲਓ) ਰਜਿਸਟਰਡ ਹਨ। ਐਸ.ਆਈ.ਆਰ. ਦੀ ਪ੍ਰਕਿਰਿਆ ਦੌਰਾਨ ਹੁਣ ਤੱਕ ਇਸ ਪਲੇਟਫਾਰਮ ਰਾਹੀਂ 150 ਕਰੋੜ ਤੋਂ ਵੱਧ ਦਸਤਾਵੇਜਾਂ ਨੂੰ ਡਿਜੀਟਾਈਜ਼ ਕੀਤਾ ਗਿਆ ਹੈ। ਈਸੀਆਈ-ਨੈੱਟ ਜ਼ਮੀਨੀ ਪੱਧਰ ‘ਤੇ ਕਰਮਚਾਰੀਆਂ ਦੀ ਨਿਗਰਾਨੀ ਲਈ ਇੱਕ ਸਹਿਜ ਵਿਧੀ ਵੀ ਪ੍ਰਦਾਨ ਕਰਦਾ ਹੈ।