ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਦੋ ਦਿਨਾਂ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਅੰਤਿਮ ਛੋਹਾਂ ’ਤੇ
ਸੰਗਤਾਂ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧ
ਨਾਂਦੇੜ: ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮਹਾਂਰਾਸ਼ਟਰ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਸਰਪ੍ਰਸਤ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਪੂਰੇ ਉਤਸ਼ਾਹ ਪੂਰਵਕ ਮਨਾਈ ਜਾ ਰਹੀ ਹੈ। ਇਸ ਸ਼ਹੀਦੀ ਸਮਾਪਤੀ ਨੂੰ ਸਮਰਪਿਤ 24 ਤੇ 25 ਜਨਵਰੀ ਨੂੰ ਤਖਤ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਰਾਜ ਪੱਧਰ ਦੋ ਦਿਨਾਂ ਸ਼ਤਾਬਦੀ ਸਮਾਗਮ ਰੱਖੇ ਗਏ ਹਨ, ਜਿਸ ਦੀਆਂ ਤਿਆਰੀਆਂ ਲਗਾਤਾਰ ਜਾਰੀ ਹਨ ਤੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਪੁੱਜ ਰਹੀਆਂ ਸੰਗਤਾਂ ਲਈ ਲੋੜੀਂਦੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ।
ਨਾਂਦੇੜ ਵਿਖੇ ਮੋਦੀ ਗਰਾਊਂਡ ’ਚ ਰੱਖੇ ਗਏ ਸ਼ਤਾਬਦੀ ਸਮਾਗਮਾਂ ਲਈ ਬਹੁਤ ਹੀ ਵਿਸ਼ਾਲ ਪੰਡਾਲ ਤਿਆਰ ਕੀਤੇ ਜਾ ਚੁੱਕੇ ਹਨ, ਜਿਸ ਵਿੱਚ ਸੰਗਤਾਂ ਆਰਾਮ ਨਾਲ ਬੈਠ ਸਕਣਗੀਆਂ। ਇਸਦੇ ਨਾਲ ਹੀ ਸਮਾਗਮਾਂ ‘ਚ ਸ਼ਾਮਲ ਹੋਣ ਜਾ ਰਹੀਆਂ ਪ੍ਰਮੁੱਖ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸ਼ਖਸ਼ੀਅਤਾਂ ਲਈ ਵੀ ਖਾਸ ਪ੍ਰਬੰਧ ਕੀਤੇ ਗਏ ਹਨ। ਆਵਾਜਾਈ ਨੂੰ ਦੇਖਦੇ ਹੋਏ ਵਾਹਨਾਂ ਲਈ ਵੱਡੀ ਗਿਣਤੀ ‘ਚ ਪਾਰਕਿੰਗ ਸਥਾਨ ਤੇ ਲੱਖਾਂ ਦੀ ਗਿਣਤੀ ‘ਚ ਪੁੱਜ ਰਹੀਆਂ ਸੰਗਤਾਂ ਦੀ ਸੁੱਖ ਸੁਵਿਧਾ ਲਈ ਵੱਖ ਵੱਖ ਸਥਾਨਾਂ ‘ਤੇ ਬਹੁਤ ਸਾਰੇ ਪਾਕਵਾਨ ਰੂਪੀ ਗੁਰੂ ਕੇ ਲੰਗਰ ਤੇ ਉਨ੍ਹਾਂ ਦੇ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਜਥੇਦਾਰ ਬਾਬਾ ਕੁਲਵੰਤ ਸਿੰਘ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਸ੍ਰੀ ਹਜ਼ੂਰ ਸਾਹਿਬ ਆ ਰਹੀਆਂ ਸੰਗਤਾਂ ਦੀ ਯਾਤਰਾ ਨੂੰ ਹੋਰ ਸੌਖਾਲਾ ਕਰਦੇ ਹੋਏ ਸਰਕਾਰ ਵੱਲੋਂ ਅੰਮ੍ਰਿਤਸਰ,ਚੰਡੀਗੜ੍ਹ ਤੇ ਦਿੱਲੀ ਤੋਂ 6 ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।
ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਨੇ ਮਹਾਂਰਾਸ਼ਟਰ ਸਰਕਾਰ ਵੱਲੋਂ ਸ਼ਤਾਬਦੀ ਸਮਾਗਮਾਂ ਲਈ ਦਿੱਤੇ ਜਾ ਰਹੇ ਵਿਸ਼ੇਸ਼ ਸਹਿਯੋਗ ਲਈ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਨੁੱਖਤਾ ਦੇ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਇੱਕ ਅਦੁੱਤੀ ਸ਼ਹੀਦੀ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ,ਕਿਉਂਕਿ ਇਹ ਸ਼ਹਾਦਤ ਕੱਟੜਵਾਦੀ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਕਰਕੇ ਧਾਰਮਿਕ ਸੁਤੰਤਰਤਾ ਤੇ ਮਨੁੱਖੀ ਹੱਕਾਂ ਦੀ ਬਰਾਬਰੀ ਹਿੱਤ ਦਿੱਤੀ ਗਈ ਹੈ, ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਨਾਂਹ ਦੇ ਬਰਾਬਰ ਹੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਗੁਰੂ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣਾ ਸਿਰਫ ਸਿੱਖ ਕੌਮ ਦਾ ਹੀ ਨਹੀਂ , ਬਲਕਿ ਸਮੁੱਚੀ ਮਨੁੱਖਤਾ ਦਾ ਧਰਮ ਹੈ।ਇਸ ਲਈ ਸਾਨੂੰ ਸਭ ਨੂੰ ਅਜਿਹੇ ਇਤਿਹਾਸਕ ਸਮਾਗਮਾਂ ‘ਚ ਸ਼ਾਮਿਲ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਣਾ ਸਾਡੇ ਲਈ ਬੇਹੱਦ ਮਾਣ ਵਾਲੀ ਗੱਲ ਹੈ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਇੰਨ੍ਹਾਂ ਸ਼ਤਾਬਦੀ ਸਮਾਗਮਾਂ ਲਈ ਵਿਸ਼ੇਸ਼ ਕਮੇਟੀ ਦਾ ਗਠਿਨ ਕੀਤਾ ਗਿਆ ਹੈ,ਜਿਸ ਦੀ ਸਰਪ੍ਰਸਤੀ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਕੀਤੀ ਜਾ ਰਹੀ ਹੈ। ਇੰਨ੍ਹਾਂ ਹੀ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪ੍ਰਧਾਨ ਸੰਤ ਸਮਾਜ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਗਿਆਨੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਰੱਖੀ ਗਈ,ਜਿਸ ਵਿੱਚ ਸਮਾਗਮਾਂ ਦੇ ਪ੍ਰਬੰਧਾਂ ਦੀ ਰੂਪ ਰੇਖਾ ਉਲੀਂਕਣ ਸਬੰਧੀ ਜ਼ਰੂਰੀ ਵਿਚਾਰ ਵਿਟਾਂਦਰਾਂ ਕੀਤਾ ਗਿਆ।