1984 ਦੇ ਸਿੱਖ ਨਸਲਕੁਸ਼ੀ ਮਾਮਲੇ ’ਚ ਸੱਜਣ ਕੁਮਾਰ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਜਨਕਪੁਰੀ-ਵਿਕਾਸਪੁਰੀ ’ਚ ਭੜਕੀ ਹਿੰਸਾ ਦੌਰਾਨ 2 ਵਿਅਕਤੀਆਂ ਦੀ ਗਈ ਸੀ ਜਾਨ

Sajjan Kumar acquitted in 1984 Sikh genocide case

ਨਵੀਂ ਦਿੱਲੀ : 1984 ਦੇ ਸਿੱਖ ਨਸਲਕੁਸ਼ੀ ਮਾਮਲੇ ’ਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਦਿੱਲੀ ਦੀ ਜਨਕਪੁਰੀ-ਵਿਕਾਸਪੁਰੀ ’ਚ ਭੜਕੀ ਹਿੰਸਾ ਦੌਰਾਨ 2 ਵਿਅਕਤੀਆਂ ਦੀ ਗਈ ਸੀ ਜਾਨ ਅਤੇ ਇਸ ਮਾਮਲੇ ’ਚ ਸੱਜਣ ਕੁਮਾਰ ਖ਼ਿਲਾਫ਼ 2015 ’ਚ ਮਾਮਲਾ ਦਰਜ ਕੀਤਾ ਗਿਆ ਸੀ। 

ਵਿਸ਼ੇਸ਼ ਜੱਜ ਦਿਗ ਵਿਨੈ ਸਿੰਘ ਨੇ ਮਾਮਲੇ ਵਿੱਚ ਆਖ਼ਰੀ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ 22 ਜਨਵਰੀ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ। ਸੱਜਣ ਕੁਮਾਰ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।ਫਰਵਰੀ 2015 ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਵਿੱਚ ਦੰਗਿਆਂ ਦੌਰਾਨ ਹੋਈ ਹਿੰਸਾ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਕੁਮਾਰ ਖ਼ਿਲਾਫ਼ ਦੋ ਐੱਫ ਆਈ ਆਰ ਦਰਜ ਕੀਤੀਆਂ ਸਨ। ਪਹਿਲੀ ਐੱਫ ਆਈ ਆਰ ਜਨਕਪੁਰੀ ਵਿੱਚ ਹੋਈ ਹਿੰਸਾ ਦੇ ਸਬੰਧ ਵਿੱਚ ਦਰਜ ਕੀਤੀ ਗਈ ਸੀ ਜਿੱਥੇ ਪਹਿਲੀ ਨਵੰਬਰ 1984 ਨੂੰ ਸੋਹਨ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਦੂਜੀ ਐੱਫ ਆਈ ਆਰ ਗੁਰਚਰਨ ਸਿੰਘ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਸੀ, ਜਿਸ ਨੂੰ ਕਥਿਤ ਤੌਰ ’ਤੇ 2 ਨਵੰਬਰ 1984 ਨੂੰ ਵਿਕਾਸਪੁਰੀ ਵਿੱਚ ਸਾੜ ਦਿੱਤਾ ਗਿਆ ਸੀ।