ਹਿਮਾਚਲ ਵਿਚ ਢਿੱਗਾਂ ਡਿੱਗਣ ਨਾਲ ਇਕ ਜਵਾਨ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਭਾਰੀ ਮੀਂਹ ਅਤੇ ਬਰਫ਼ਬਾਰੀ ਨਾਲ ਫਿਰ ਪੰਜ ਥਾਵਾਂ 'ਤੇ ਜ਼ਮੀਨ ਖਿਸਕਣ ਨਾਲ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਗਰ.....

One soldier Dead in the Himachal landslide falls

ਜੰਮੂ/ਸ਼ਿਮਲਾ : ਜੰਮ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਭਾਰੀ ਮੀਂਹ ਅਤੇ ਬਰਫ਼ਬਾਰੀ ਨਾਲ ਫਿਰ ਪੰਜ ਥਾਵਾਂ 'ਤੇ ਜ਼ਮੀਨ ਖਿਸਕਣ ਨਾਲ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਗਰ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਬੰਦ ਰਿਹਾ। ਉਧਰ ਹਿਮਾਚਲ ਪ੍ਰਦੇਸ਼ ਦੇ ਸ਼ਿਪਕੀ ਲਾ ਦੱਰੇ ਵਿਚ ਬੁਧਵਾਰ ਸਵੇਰੇ ਇਕ ਗਲੇਸ਼ੀਅਰ ਖਿਸਕ ਗਿਆ ਜਿਥੇ ਫਸੇ ਪੰਜ ਜਵਾਨਾਂ ਦੀ ਭਲ ਲਈ ਰਾਹਤ ਟੀਮਾਂ ਮੁਹਿੰਮ ਸ਼ੁਰੂ ਕਰਨ ਲਈ ਮੌਸਮ ਸਾਫ਼ ਹੋਣ ਦੀ ਉਡੀਕ ਕਰ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿਚ ਬੁਧਵਾਰ ਸਵੇਰੇ 11 ਵਜੇ ਢਿੱਗਾਂ ਕਾਰਨ ਸੈਨਾ ਦੀ 7ਜੇਏਕੇ ਰਾਈਫ਼ਲਸ ਦੇ ਛੇ ਜਵਾਨ ਫੱਸ ਗਏ ਸਨ।

ਇਨ੍ਹਾਂ ਵਿਚੋਂ ਇਕ ਦੀ ਲਾਸ਼ ਬਰਾਮਦ ਹੋ ਗਈ, ਜਦਕਿ ਪੰਜ ਦੀ ਭਾਲ ਕੀਤੀ ਜਾਣੀ ਹੈ। ਇਨ੍ਹਾਂ ਜਵਾਨਾਂ ਵਿਚ ਚਾਰ ਹਿਮਾਚਲ ਪ੍ਰਦੇਸ਼ ਤੋਂ ਅਤੇ ਇਕ ਉਤਰਾਖੰਡ ਅਤੇ ਇਕ ਜੰਮੂ-ਕਸ਼ਮੀਰ ਤੋਂ ਸੀ।  ਕਿੰਨੌਰ ਜ਼ਿਲ੍ਹਾ ਸੰਪਰਕ ਅਧਿਕਾਰੀ ਮਮਤਾ ਨੇਗੀ ਨੇ ਦਸਿਆ ਕਿ ਭਾਰੀ ਬਰਫ਼ਬਾਰੀ ਅਤੇ ਮੀਂਹ ਕਾਰਨ ਜਵਾਨਾਂ ਨੂੰ ਬਚਾਉਣ ਲਈ ਮੁਹਿੰਮ ਵਿਚ ਰੁਕਾਵਟ ਆ ਰਹੀ ਹੈ ਅਤੇ ਸੈਨਾ ਮੁਹਿੰਮ ਦੁਬਾਰਾ ਸ਼ੁਰੂ ਕਰਨ ਲਈ ਮੌਸਮ ਸਾਫ਼ ਹੋਣ ਦੀ ਉਡੀਕ ਕਰ ਰਹੀ ਹੈ। 

ਨੇਗੀ ਨੇ ਦਸਿਆ ਕਿ ਖੋਜ ਅਤੇ ਰਾਹਤ ਮੁਹਿੰਮ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ ਕਿਉਂਕਿ ਪੁੰਛ 'ਚ ਚਾਰ ਤੋਂ ਪੰਜ ਇੰਚ ਬਰਫ਼ਬਾਰੀ ਹੋਈ, ਜਦਕਿ ਸ਼ਿਪਕੀ ਲਾ ਅਤੇ ਆਸਪਾਸ ਦੇ ਇਲਾਕਿਆਂ ਵਿਚ ਬੁੱਧਵਾਰ ਦੀ ਰਾਤ ਕਿਤੇ ਕਿਤੇ ਜ਼ਿਆਦਾ ਬਰਫ਼ਬਾਰੀ ਹੋਈ। ਇਸ ਦੌਰਾਨ ਸੈਨਾ ਦੇ ਛੇ ਜਵਾਨ ਜ਼ਿੰਦਾ ਦੱਬ ਗਏ ਸਨ। ਫਸੇ ਜਵਾਨਾਂ ਵਿਚੋਂ ਇਕ ਨੂੰ ਬਚਾ ਲਿਆ ਗਿਆ ਸੀ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਸ ਨੇ ਦਮ ਤੋੜ ਦਿਤਾ। ਪੰਜ ਹੋਰ ਜਵਾਨਾਂ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਘੁਮਰਪੁਰ ਪਿੰਡ ਵਾਸੀ ਰਾਕੇਸ਼ ਕੁਮਾਰ (41) ਵਜੋਂ ਹੋਈ। ਫ਼ੌਜੀ ਸੂਤਰਾਂ ਨੇ ਦਸਿਆ ਕਿ ਬਰਫ਼ਬਾਰੀ ਵਿਚ ਭਾਰਤ-ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੇ ਪੰਜ ਜਵਾਨ ਵੀ ਜ਼ਖ਼ਮੀ ਹੋ ਗਏ।

ਉਨ੍ਹਾਂ ਦੀ ਪਛਾਣ ਬੇਲੰਗੀਨ, ਰਜਨੀਸ਼ ਕੁਮਾਰ, ਮੁਹੰਮਦ ਈਸ਼ਾਨ, ਰਾਮਬਰਨ ਅਤੇ ਤੇਲੇ ਟੇਕਚੰਦ ਦੇ ਰੂਪ ਵਿਚ ਹੋਈ ਹੈ। ਰਾਜਮਾਰਗ 'ਤੇ ਰਾਮਬਨ, ਉਧਮਪੁਰ ਅਤੇ ਜੰਮੂ ਜ਼ਿਲ੍ਹਿਆਂ ਵਿਚ ਵੱਖ ਵੱਖ ਥਾਵਾਂ 'ਤੇ 600 ਤੋਂ ਜ਼ਿਆਦਾ ਗੱਡੀਆਂ ਫਸੀਆਂ ਹੋਈਆ ਹਨ। ਅਧਿਕਾਰੀਆਂ ਨੇ ਦਸਿਆ ਕਿ ਮੀਂਹ ਕਰ ਕੇ 270 ਕਿਲੋਮੀਟਰ ਲੰਮੇ ਰਾਜਮਾਰਗ ਖ਼ੂਨੀ ਨਾਲੇ, ਪੰਥਿਆਲ, ਡਿਗਡੋਲੇ, ਬੈਟਰੀ ਚੇਸ਼ਮਾ ਅਤੇ ਮਾਰਗ ਵਿਚ ਫਿਰ ਢਿੱਗਾਂ ਡਿੱਗੀਆਂ ਜਿਸ ਕਾਰਨ ਸੜਕੀ ਆਵਾਜਾਈ ਬੰਦ ਹੋ ਗਈ। ਜ਼ਿਕਰਯੋਗ ਹੈ ਕਿ ਇਹ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਸਾਰੇ ਮੌਸਮਾਂ ਵਿਚ ਜੋੜਨ ਵਾਲੀ ਸੜਕ ਹੈ। 

ਅਧਿਕਾਰੀਆਂ ਅਨੁਸਾਰ ਜਵਾਹਰ ਸੁਰੰਗ ਇਲਾਕੇ ਵਿਚ ਬਰਫ਼ਬਾਰੀ ਵੀ ਹੋਈ। ਤਤਕਾਲ ਮਲਬੇ ਅਤੇ ਬਰਫ਼ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਮੀਂਹ ਕਾਰਨ ਇਸ ਕੰਮ ਵਿਚ ਰੁਕਾਵਟ ਆ ਰਹੀ ਹੈ। ਰਾਜਮਾਰਗ ਬੰਦ ਰਹਿਣ ਦੇ ਮੱਦੇਨਜ਼ਰ ਜੰਮੂ ਦੇ ਨਾਗਰੋਟਾ ਇਲਾਕੇ ਤੋਂ ਗੱਡੀਆਂ ਨੂੰ ਕਸ਼ਮੀਰ ਘਾਟੀ ਨਹੀਂ ਜਾਣ ਦਿਤਾ ਗਿਆ ਅਤੇ ਜ਼ਮੀਨ ਖਿਸਕਣ ਦੇ ਸ਼ੱਕ ਨਾਲ ਇਨ੍ਹਾਂ ਦਿਨਾਂ ਵਿਚ ਇਸ ਰਾਜਮਾਰਗ 'ਤੇ ਸਫ਼ਰ ਕਰਨ ਵਾਲਿਆਂ ਦੇ ਮਨ ਵਿਚ ਡਰ ਪੈਦਾ ਹੋ ਗਿਆ ਹੈ। ਰਾਤ ਨੂੰ ਬਨੀਹਾਲ ਵਿਚ ਵੀ ਹਲਕੀ ਬਰਫ਼ਬਾਰੀ ਹੋਈ। ਰਾਜਮਾਰਗ ਦੇ ਹੋਰ ਹਿੱਸਿਆਂ ਵਿਚ ਭਾਰੀ ਮੀਂਹ ਪਿਆ। (ਪੀਟੀਆਈ)