ਭਾਰਤੀ ਵੱਡੀਆਂ ਕਾਰਾਂ ਦੇ ਸ਼ੌਕੀਨ, ਇਸੇ ਕਾਰਨ ਡੁੱਬੀ ਏ ਨੈਨੋ!
ਕਿਹਾ, ਇਕੱਲੇ ਚੱਲਣ ਲਈ ਵੀ ਵੱਡੀ ਕਾਰ ਖ਼ਰੀਦਣਾ ਪਸੰਦ ਕਰਦੇ ਹਨ ਭਾਰਤੀ ਲੋਕ
ਮੁੰਬਈ: ਮਹਿੰਦਰਾ ਐਂਡ ਮਹਿੰਦਰਾ ਦੇ ਪ੍ਰਬੰਧ ਨਿਰਦੇਸ਼ਕ ਪਵਨ ਗੋਇਨਕਾ ਨੇ ਕਿਹਾ ਕਿ ਭਾਰਤੀ ਲੋਕ ਇਕੱਲੇ ਦੇ ਇਸਤੇਮਾਲ ਲਈ ਵੀ ਵੱਡੀਆਂ-ਵੱਡੀਆਂ ਕਾਰਾਂ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਹ ਸੋਚ ਟਾਟਾ ਨੈਨੋ ਦੀ 'ਮੰਦਭਾਗੀ' ਅਸਫ਼ਲਤਾ ਦਾ ਇਕ ਪ੍ਰਮੁੱਖ ਕਾਰਨ ਹੈ।
ਗੋਇਨਕਾ ਨੇ ਆਈ.ਆਈ.ਟੀ. ਕਾਨਪੁਰ ਦੇ ਸਾਬਕਾ ਵਿਦਿਆਰਥੀਆਂ ਦੇ ਇਕ ਪ੍ਰੋਗਰਾਮ 'ਚ ਕਿਹਾ ਕਿ ਵਾਹਨ ਉਦਯੋਗ ਦਾ ਪ੍ਰਦੁਸ਼ਣ 'ਚ ਕਾਫ਼ੀ ਯੋਗਦਾਨ ਹੈ ਅਤੇ ਇਸ ਨੂੰ ਘੱਟ ਕਰਨ ਲਈ ਹਰ ਸੰਭਵ ਤਰੀਕੇ ਅਪਨਾਉਣੇ ਚਾਹੀਦੇ ਹਨ।
ਟਾਟਾ ਮੋਟਰਸ ਨੇ ਲਖਟਕੀਆ ਕਾਰ ਦੇ ਰੂਪ 'ਚ ਪ੍ਰਸਿੱਧ ਨੈਨੋ ਦਾ ਉਤਪਾਦਨ ਬੰਦ ਕਰ ਦਿਤਾ ਹੈ। ਕਈ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਗਾਹਕ ਸ਼ਾਨੋ-ਸ਼ੌਕਤ ਲਈ ਕਾਰ ਖ਼ਰੀਦਦੇ ਹਨ, ਇਹੀ ਨੈਨੋ ਦੀ ਅਸਫ਼ਲਤਾ ਦਾ ਮੁੱਖ ਕਾਰਨ ਹੈ।
ਗੋਇਨਕਾਰ ਨੇ ਕਿਹਾ, ''65-70 ਕਿਲੋਗ੍ਰਾਮ ਭਾਰ ਵਾਲ ਔਸਤ ਭਾਰਤੀ ਲੋਕ ਸਿਰਫ਼ ਇਕ ਵਿਅਕਤੀ ਦੇ ਆਉਣ-ਜਾਣ ਲਈ 1500 ਕਿਲੋਗ੍ਰਾਮ ਦੀ ਕਾਰ ਖ਼ਰੀਦਦੇ ਹਨ। ਸਾਨੂੰ ਅਜਿਹੀਆਂ ਵਿਅਕਤੀਗਤ ਗੱਡੀਆਂ ਦੀ ਜ਼ਰੂਰਤ ਹੈ ਜੋ ਇਕ ਵਿਅਕਤੀ ਦੇ ਆਉਣ-ਜਾਣ ਲਈ ਢੁਕਵੀਆਂ ਹੋਣ। ਇਸ ਨੂੰ ਧਿਆਨ 'ਚ ਰਖਦਿਆਂ ਮਹਿੰਦਰਾ ਵੀ ਇਕ ਛੋਟੀ ਕਾਰ ਤਿਆਰ ਕਰ ਰਹੀ ਹੈ ਜੋ ਛੇਤੀ ਹੀ ਬਾਜ਼ਾਰ 'ਚ ਆ ਜਾਵੇਗੀ।''
ਉਨ੍ਹਾਂ ਕਿਹਾ ਕਿ ਅਜੇ ਕਾਰਬਨ ਡਾਈ ਆਕਸਾਈਡ ਦੇ ਉਤਸਰਜਨ 'ਚ ਗੱਡੀਆਂ ਦੀ ਹਿੱਸੇਦਾਰੀ 7 ਫ਼ੀ ਸਦੀ ਅਤੇ ਪੀ.ਐਮ.2.5 'ਚ 20 ਫ਼ੀ ਸਦੀ ਹੈ। ਇਸ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।