ਦਿੱਲੀ 'ਚ ਮੇਲਾਨਿਆ ਦੇ ਸਕੂਲ ਦੌਰੇ 'ਤੇ ਕੇਜਰੀਵਾਲ, ਸਿਸੋਦੀਆ ਨਾਲ ਆਉਣ ਦੇ ਇੱਛੁਕ ਨਹੀਂ
ਅਮਰੀਕੀ ਪਹਿਲੀ ਮਹਿਲਾ ਨੂੰ ਦਿਖਾਉਣਾ ਚਾਹੁੰਦੇ ਸਨ ਖੁਸ਼ਹਾਲੀ ਪਾਠਕ੍ਰਮ
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ 'ਚ 25 ਫ਼ਰਵਰੀ ਨੂੰ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਦੇ ਸਰਕਾਰੀ ਸਕੂਲ ਦੇ ਦੌਰੇ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਉਨ੍ਹਾਂ ਨਾਲ ਜਾਣ ਦੇ ਇੱਛੁਕ ਨਹੀਂ ਹਨ।
ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਦਸਿਆ ਕਿ ਮੂਲ ਪ੍ਰੋਗਰਾਮ ਤਹਿਤ ਕੇਜਰੀਵਾਲ ਅਤੇ ਸਿਸੋਦੀਆ ਦੋਵੇਂ ਮੇਲਾਨਿਆ ਦੇ ਸਕੂਲ ਦੌਰੇ ਦੌਰਾਨ ਉਨ੍ਹਾਂ ਨਾਲ ਰਹਿਣ ਵਾਲੇ ਸਨ। ਸੂਤਰਾਂ ਅਨੁਸਾਰ ਕੇਜਰੀਵਾਲ ਅਤੇ ਸਿਸੋਦੀਆ ਨੂੰ ਅਮਰੀਕੀ ਪਹਿਲੀ ਮਹਿਲਾ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਖ਼ੁਸ਼ਹਾਲੀ ਪਾਠਕ੍ਰਮ' ਤੋਂ ਜਾਣੂ ਕਰਵਾਉਣਾ ਸੀ।
ਸੰਪਰਕ ਕੀਤੇ ਜਾਣ 'ਤੇ ਅਮਰੀਕੀ ਸਫ਼ਾਰਤਖ਼ਾਨੇ ਦੇ ਬੁਲਾਰੇ ਨੇ ਇਸ ਮਾਮਲੇ 'ਤੇ ਦਿੱਲੀ ਸਰਕਾਰ ਨਾਲ ਸੰਪਰਕ ਕਰਨ ਨੂੰ ਕਿਹਾ। ਹਾਲਾਂਕਿ ਦਿੱਲੀ ਸਰਕਾਰ ਤੋਂ ਇਸ ਬਾਰੇ ਕੋਈ ਤੁਰਤ ਪ੍ਰਤੀਕਿਰਿਆ ਨਹੀਂ ਮਿਲੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 36 ਘੰਟੇ ਤੋਂ ਵੀ ਘੱਟ ਸਮੇਂ ਦੀ ਅਪਣੀ ਭਾਰਤ ਯਾਤਰਾ ਲਈ ਪਤਨੀ ਮੇਲਾਨਿਆ, ਬੇਟੀ ਇਵਾਂਕਾ ਅਤੇ ਦਾਮਾਦ ਜੇਰੇਡ ਕੁਸ਼ਨਰ ਅਤੇ ਉੱਚ ਪੱਧਰੀ ਵਫ਼ਦ ਨਾਲ 24 ਫ਼ਰਵਰੀ ਦੀ ਦੁਪਹਿਰ ਨੂੰ ਅਹਿਮਦਾਬਾਦ ਪੁੱਜਣਗੇ। ਅਹਿਮਦਾਬਾਦ ਤੋਂ ਇਹ ਵਫ਼ਦ ਆਗਰਾ ਜਾਵੇਗਾ ਅਤੇ ਫਿਰ ਅਪਣੀ ਯਾਤਰਾ ਦੇ ਅਹਿਮ ਪੜਾਅ ਤਹਿਤ ਰਾਸ਼ਟਰੀ ਰਾਜਧਾਨੀ ਪਹੁੰਚੇਗਾ।