ਅਲੀਪੁਰ ਥਾਣੇ ਦਰਜ ਮਾਮਲੇ 'ਚ 2 ਨੂੰ ਮਿਲੀ ਜ਼ਮਾਨਤ, ਬਾਕੀ 31 ਜਣਿਆਂ ਦੀ ਰਿਹਾਈ ਦਾ ਰਸਤਾ ਸਾਫ

ਏਜੰਸੀ

ਖ਼ਬਰਾਂ, ਰਾਸ਼ਟਰੀ

DSGMC ਕਾਨੂੰਨੀ ਟੀਮ ਦੇ ਵਕੀਲਾਂ ਦੀ ਪੈਰਵੀ ਬਾਅਦ ਮਿਲੀ ਸਫਲਤਾ

Manjinder Sirsa

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਨੂੰਨੀ ਟੀਮ ਦੇ ਯਤਨਾ ਸਦਕਾ ਓਵਰਸੀਅਰ ਸਿੰਘ ਨਾਮ ਦੇ ਨੌਜਵਾਨ ਨੂੰ ਜ਼ਮਾਨਤ ਮਿਲ ਗਈ ਹੈ। ਦਿੱਲੀ ਪੁਲਿਸ ਨੇ ਇਸ ਨੌਜਵਾਨ ਖਿਲਾਫ ਅਲੀਪੁਰ ਥਾਣੇ ਵਿਚ ਐਫਆਈਆਰ ਨੰ 49/2021 ਦਰਜ ਕੀਤੀ ਸੀ। ਇਸ ਐਫਆਈਆਰ ਦੇ ਅਧਾਰ 'ਤੇ ਪੁਲਿਸ ਨੇ 33 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਸੇ ਕੇਸ ਵਿਚ ਰਣਜੀਤ ਸਿੰਘ ਨਾਮ ਦੇ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਇਸ ਕੇਸ ਵਿਚ ਦੋ ਨੌਜਵਾਨਾਂ ਨੂੰ ਜ਼ਮਾਨਤ ਮਿਲਣ ਬਾਅਦ ਬਾਕੀ 31 ਵਿਅਕਤੀਆਂ ਦੇ ਰਿਹਾਅ ਹੋਣ ਦਾ ਰਸਤਾ ਵੀ ਸਾਫ ਹੋ ਗਿਆ ਹੈ।

ਇਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਸਨ, ਉਨ੍ਹਾਂ ਦੇ ਐਟੀਸਪੇਟਰੀ ਬੇਲ ਮਨਜੂਰ ਹੋ ਗਈ। ਇਸ ਸਬੰਧੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਨਾਲ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਠੱਲ੍ਹ ਪਵੇਗੀ।

ਇਸ ਕੇਸ ਦੀ ਪੈਰਵੀ ਕਰ ਰਹੇ ਵਕੀਲਾਂ ਦੇ ਪੈਨਲ ਇਲਾਵਾ ਇਸ ਮਾਮਲੇ ਵਿਚ ਸਹਿਯੋਗ ਦੇਣ ਲਈ ਕਿਸਾਨ ਮੋਰਚੇ ਦੇ ਆਗੂਆਂ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਜਿੱਤ ਤੋਂ ਬਾਅਦ ਹੁਣ ਅਗਲੇ ਦੋ-ਤਿੰਨ ਦਿਨਾਂ ਦੌਰਾਨ ਬਾਕੀ ਵਿਅਕਤੀਆਂ ਨੂੰ ਵੀ ਰਾਹਤ ਮਿਲਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ।

ਉਨ੍ਹਾਂ ਅੱਗੇ ਦਸਿਆ ਕਿ ਅੱਜ 6 ਵਿਅਕਤੀ ਹੋਰ ਦਿੱਲੀ ਦੀ ਤਿਹਾੜ ਜੇਲ੍ਹ ਵਿਚੋਂ ਰਿਹਾਅ ਹੋਣਗੇ। ਬੀਤੇ ਕੱਲ੍ਹ 10 ਜਣਿਆਂ ਦੀਆਂ ਜ਼ਮਾਨਤਾਂ ਹੋਈਆਂ ਸਨ ਜਿਨ੍ਹਾਂ ਵਿਚ ਇਹ 6 ਜਣੇ ਵੀ ਸ਼ਾਮਲ ਸਨ।