ਪੈਟਰੋਲ ਦੀ ਵਧੀਆਂ ਕੀਮਤਾਂ ਦੇ ਵਿਰੋਧ 'ਚ ਸਾਈਕਲ ਚਲਾ ਕੇ ਦਫ਼ਤਰ ਪਹੁੰਚੇ ਰਾਬਰਟ ਵਾਡਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਲੋਕ ਜੋ ਰੋਜ਼ਾਨਾ ਮਹਿਸੂਸ ਕਰ ਰਹੇ ਹਨ, ਉਹ ਮੈਂ ਅੱਜ ਮਹਿਸੂਸ ਕਰ ਰਿਹਾ ਹੈ।

ROBERT VADRA

ਨਵੀਂ ਦਿੱਲੀ: ਤੇਲ ਕੀਮਤਾਂ ਦਾ ਵਧਣਾ ਲਗਾਤਾਰ ਜਾਰੀ ਹੈ। ਰੋਜ਼ਾਨਾ ਵੱਧ ਰਹੀਆਂ ਕੀਮਤਾਂ ਕਾਰਨ ਪਟਰੌਲ ਦਾ ਰੇਟ 100 ਰੁਪਏ ਨੇੜੇ ਢੁਕਦਾ ਵਿਖਾਈ ਦੇ ਰਿਹਾ ਹੈ, ਉਥੇ ਹੀ ਡੀਜ਼ਲ ਦਾ ਭਾਅ ਵੀ ਸਭ ਤੋਂ ਉੱਚੇ ਪੱਧਰ ਵੱਲ ਵਧਦਾ ਜਾ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਂ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ ਹੈ। ਦਿੱਲੀ ਦੀ ਗੱਲ ਕਰੀਏ ਜੇਕਰ   ਪੈਟਰੋਲ ਕਰੀਬ 91 ਰੁਪਏ ਤੱਕ ਪਹੁੰਚ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਵੀ ਰਿਕਾਰਡ ਤੋੜ ਰਹੀਆਂ ਹਨ।

petrol price

ਇਸ ਵਿਚਕਾਰ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਅੱਜ ਸਾਈਕਲ ਚਲਾ ਕੇ ਦਿੱਲੀ 'ਚ ਆਪਣੇ ਦਫ਼ਤਰ ਪਹੁੰਚੇ।

ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਬਹੁਤ ਮੁਸ਼ਕਲ 'ਚ ਹੈ। ਆਮ ਲੋਕ ਜੋ ਰੋਜ਼ਾਨਾ ਮਹਿਸੂਸ ਕਰ ਰਹੇ ਹਨ, ਉਹ ਮੈਂ ਅੱਜ ਮਹਿਸੂਸ ਕਰ ਰਿਹਾ ਹੈ। ਵਾਡਰਾ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਲੋਕ ਸੜਕਾਂ 'ਤੇ ਆ ਗਏ ਹਨ।

ਗੌਰਤਲਬ ਹੈ ਕਿ ਇਸ ਵਿਚਾਲੇ ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਦਾ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਬਿਆਨ ਆਇਆ ਹੈ। ਉਨ੍ਹਾਂ ਨੇ  ਸਭ ਤੋਂ ਪਹਿਲਾ ਕਾਰਨ ਤੇਲ ਦੇ ਘੱਟ ਉਤਪਾਦਨ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਨੇ ਤੇਲ ਦਾ ਉਤਪਾਦਨ ਘੱਟ ਕਰ ਦਿੱਤਾ ਹੈ। ਉਤਪਾਦਕ ਦੇਸ਼ ਵਧੇਰੇ ਮੁਨਾਫਾ ਲੈਣ ਲਈ ਘੱਟ ਤੇਲ ਦਾ ਉਤਪਾਦਨ ਕਰ ਰਹੇ ਹਨ। ਇਸ ਨਾਲ ਖਪਤਕਾਰ ਦੇਸ਼ਾਂ ਨੂੰ ਦੁਖੀ ਹੋਣਾ ਪੈ ਰਿਹਾ ਹੈ।