ਸੰਯੁਕਤ ਕਿਸਾਨ ਮੋਰਚੇ ਨੇ 24 ਫ਼ਰਵਰੀ ਨੂੰ ਦਮਨ ਵਿਰੋਧੀ ਦਿਨ ਮਨਾਉਣ ਦਾ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੱਭ ਤਹਿਸੀਲਾਂ ਅਤੇ ਜ਼ਿਲ੍ਹਾ ਕੇਂਦਰਾਂ ਉਤੇ ਰੋਸ ਮੁਜ਼ਾਹਰੇ ਕਰ ਕੇ ਜੇਲਾਂ ’ਚ ਬੰਦ ਅੰਦੋਲਨਕਾਰੀਆਂ ਦੀ ਰਿਹਾਈ ਲਈ ਮੰਗ ਪੱਤਰ ਰਾਸ਼ਟਰਪਤੀ ਨੂੰ ਭੇਜੇ ਜਾਣਗੇ

Samyukta Kisan Morcha

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਵਲੋਂ ਅਗਲੇ ਪ੍ਰੋਗਰਾਮਾਂ ਦ ਐਲਾਨ ਕਰਦਿਆਂ 24 ਫ਼ਰਵਰੀ ਨੂੰ ਦਮਨ ਵਿਰੋਧੀ ਦਿਨ ਮਨਾਉਣ ਦਾ ਸੱਦਾ ਦਿਤਾ ਹੈ। ਇਹ ਫ਼ੈਸਲਾ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਲਿਆ ਗਿਆ ਹੈ।

ਬੀਤੇ ਦਿਨੀਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬਾਅਦ ਅੱਜ ਮੋਰਚੇ ਦੀ ਮੀਟਿੰਗ ਹੋਈ ਸੀ। ਮੀਟਿੰਗ ਤੋਂ ਬਾਅਦ ਐਲਾਨੇ ਗਏ ਹਫ਼ਤੇ ਭਰ ਦੇ ਅਗਲੇ ਪ੍ਰੋਗਰਾਮਾਂ ਮੁਤਾਬਕ 23 ਫ਼ਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚੇ ਤੇ ਪਗੜੀ ਸੰਭਾਲ ਜੱਟਾ ਅੰਦੋਲਨ ਦੇ ਮੋਢੀ ਦੀ ਯਾਦ ਵਿਚ ਸਾਰੇ ਦਿਨ ਸਾਰੇ ਧਰਨਾ ਸਥਾਨਾਂ ਉਪਰ ਰੰਗ ਬਰੰਗੀਆਂ ਪੱਗੜੀਆਂ ਬੰਨ੍ਹ ਕੇ ਮਨਾਇਆ ਜਾਵੇਗਾ।

 

24 ਨੂੰ ਦਮਨ ਵਿਰੋਧੀ ਦਿਵਸ ਤੋਂ ਬਾਅਦ 26 ਫ਼ਰਵਰੀ ਨੂੰ ਨੌਜਵਾਨ ਦਿਵਸ ਮਨਾਇਆ ਜਾਵੇਗਾ ਅਤੇ ਇਸ ਦਿਨ ਸਮੁੱਚੇ ਕਿਸਾਨ ਅੰਦੋਲਨ ਦੀ ਅਗਵਾਈ ਦਿੱਲੀ ਤੇ ਰਾਜਾਂ ਵਿਚ ਨੌਜਵਾਨਾਂ ਹੱਥ ਹੋਵੇਗੀ। ਨੌਜਵਾਨਾਂ ਤੋਂ ਮੋਰਚੇ ਦੀ ਮਜ਼ਬੂਤੀ ਲਈ ਵਿਚਾਰ ਲਏ ਜਾਣਗੇ। 27 ਫ਼ਰਵਰੀ ਨੂੰ ਭਗਤ ਰਵੀਦਾਸ ਜੀ ਦੀ ਜੈਯੰਤੀ ਨੂੰ ਕਿਸਾਨ ਮਜ਼ਦੂਰ ਏਕਤਾ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਮੋਰਚੇ ਦੇ ਆਗੂ ਯੋਗੇਂਦਰ ਯਾਦਵ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ 28 ਫ਼ਰਵਰੀ ਨੂੰ ਮੋਰਚੇ ਦਾ ਤੀਜਾ ਪੜਾਅ ਸ਼ੁਰੂ ਹੋਣਾ ਹੈ ਅਤੇ ਇਸ ਮੌਕੇ ਅਗਲੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਣਾ ਹੈ।

24 ਫ਼ਰਵਰੀ ਨੂੰ ਦਮਨ ਵਿਰੋਧੀ ਦਿਵਸ ਬਾਰੇ ਸੰਯੁਕਤ ਕਿਸਾਨ ਮੋਰਚੇ ਦੀ ਕਾਨੂੰਨੀ ਕਮੇਟੀ ਦੇ ਮੁਖੀ ਪ੍ਰੇਮ ਸਿੰਘ ਭੰਗੂ ਐਡਵੋਕੇਟ ਨੇ ਦਸਿਆ ਕਿ ਇਸ ਦਿਨ ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ. ਤੇ ਉਤਰਾਖੰਡ ਆਦਿ ਰਾਜਾਂ ਵਿਚ ਸਾਰੇ ਤਹਿਸੀਲ ਤੇ ਜ਼ਿਲ੍ਹਾ ਕੇਂਦਰਾਂ ’ਤੇ ਰੋਸ ਮੁਜ਼ਾਹਰੇ ਕਰ ਕੇ ਰਾਸ਼ਟਰਪਤੀ ਨੂੰ ਦਿੱਲੀ ਪੁਲਿਸ ਵਲੋਂ ਦਮਨ ਬੰਦ ਕਰਵਾਉਣ, 26 ਜਨਵਰੀ ਦੇ ਮਾਮਲਿਆਂ ਵਿਚ ਜੇਲਾਂ ਵਿਚ ਬੰਦ ਕਿਸਾਨਾਂ ਤੇ ਨੌਜਵਾਨਾਂ ਦੀ ਰਿਹਾਈ ਲਈ ਮੰਗ ਪੱਤਰ ਭੇਜੇ ਜਾਣਗੇ।

ਉਨ੍ਹਾਂ ਦਸਿਆ ਕਿ 122 ਗ੍ਰਿਫ਼ਤਾਰ ਲੋਕਾਂ ਵਿਚੋਂ 92 ਹਾਲੇ ਵੀ ਜੇਲਾਂ ਵਿਚ ਬੰਦ ਹਨ। ਹੁਣ ਵੀ ਦਿੱਲੀ ਪੁਲਿਸ ਵਲੋਂ ਝੂਠੇ ਮਾਮਲੇ ਦਰਜ ਕਰ ਕੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ, ਤੰਗ ਪ੍ਰੇਸ਼ਾਨ ਕਰਨ ਤੇ ਨੋਟਿਸ ਭੇਜ ਕੇ ਡਰਾਉਣ ਦੇ ਯਤਨ ਕੀਤੇ ਜਾ ਰਹੇ ਹਨ। ਦਿੱਲੀ ਪੁਲਿਸ ਦਾ ਦਮਨ ਜ਼ੋਰਾਂ ਉਪਰ ਹੈ। ਬਹੁਤੇ ਬੇਕਸੂਰ ਲੋਕਾਂ ’ਤੇ ਗੰਭੀਰ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ 26 ਜਨਵਰੀ ਦੀਆਂ ਘਟਨਾਵਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਇਸ ਦਾ ਮਕਸਦ ਚਲ ਰਹੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਦਹਿਸ਼ਤ ਪੈਦਾ ਕਰਨਾ ਹੈ।