ਉੱਤਰਾਖੰਡ 'ਚ ਵਾਪਰਿਆ ਵੱਡਾ ਹਾਦਸਾ : ਵਿਆਹ ਤੋਂ ਵਾਪਸ ਆਉਂਦੇ ਸਮੇਂ ਖੱਡ 'ਚ ਡਿੱਗੀ ਗੱਡੀ, 14 ਬਰਾਤੀਆਂ ਦੀ ਮੌਤ, 2 ਜ਼ਖ਼ਮੀ
ਪ੍ਰਧਾਨ ਮੰਤਰੀ ਮੋਦੀ ਵਲੋਂ ਮ੍ਰਿਤਕਾਂ ਦੇ ਪਰਵਾਰਾਂ ਲਈ 2 ਲੱਖ ਅਤੇ ਜ਼ਖਮੀਆਂ ਲਈ 50 ਹਜ਼ਾਰ ਸਹਾਇਤਾ ਰਾਸ਼ੀ ਦਾ ਐਲਾਨ
ਚੰਪਾਵਤ : ਉਤਰਾਖੰਡ ਵਿੱਚ ਸੋਮਵਾਰ ਰਾਤ ਨੂੰ ਵੱਡਾ ਹਾਦਸਾ ਵਾਪਰਿਆ ਹੈ। ਇੱਕ ਗੱਡੀ ਖੱਡ ਵਿਚ ਡਿੱਗ ਗਈ ਜਿਸ ਕਾਰਨ 14 ਬਰਾਤੀਆਂ ਦੀ ਮੌਤ ਹੋ ਗਈ ਹੈ ਜਦਕਿ ਦੋ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਟਨਕਪੁਰ-ਚੰਪਾਵਤ ਹਾਈਵੇਅ ਨਾਲ ਜੁੜੀ ਸੁਖੀਧਾਂਗ-ਦੰਡਾਮਿਨਾਰ ਸੜਕ 'ਤੇ ਮੈਕਸ ਹਾਦਸੇ ਦਾ ਸ਼ਿਕਾਰ ਹੋ ਗਈ।
ਇਹ ਹਾਦਸਾ ਬੁਡਮ ਤੋਂ ਕਰੀਬ ਤਿੰਨ ਕਿਲੋਮੀਟਰ ਅੱਗੇ ਵਾਪਰਿਆ ਦੱਸਿਆ ਜਾ ਰਿਹਾ ਹੈ। ਇਹ ਸਾਰੇ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਵਲੋਂ ਮ੍ਰਿਤਕਾਂ ਦੇ ਪਰਵਾਰਾਂ ਲਈ 2 ਲੱਖ ਅਤੇ ਜ਼ਖਮੀਆਂ ਲਈ 50 ਹਜ਼ਾਰ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ।
ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਮੈਕਸ ਗੱਡੀ ਨੰਬਰ-ਯੂ.ਕੇ. 04, ਟੀ.ਏ.-4712 ਵਿੱਚ ਸਵਾਰ ਸਾਰੇ ਵਿਅਕਤੀ ਪੰਚਮੁਖੀ ਧਰਮਸ਼ਾਲਾ, ਟਨਕਪੁਰ ਵਿੱਚ ਰੱਖੇ ਵਿਆਹ ਵਿੱਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਕਰੀਬ 3.20 ਵਜੇ ਮੈਕਸ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਜਾ ਡਿੱਗੀ। ਇਹ ਸਾਰੇ ਲੋਕ ਲਕਸ਼ਮਣ ਸਿੰਘ ਵਾਸੀ ਕੱਕਾਣਈ ਦੇ ਪੁੱਤਰ ਮਨੋਜ ਸਿੰਘ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਜ਼ਿਆਦਾਤਰ ਮ੍ਰਿਤਕ ਲਕਸ਼ਮਣ ਸਿੰਘ ਦੇ ਰਿਸ਼ਤੇਦਾਰ ਦੱਸੇ ਜਾਂਦੇ ਹਨ। ਹਾਦਸੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚ ਗਈਆਂ ਹਨ।
16 ਵਿੱਚੋਂ 14 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਉਨ੍ਹਾਂ ਦੀ ਪਛਾਣ ਵੀ ਕਰ ਲਈ ਗਈ ਹੈ। ਮਰਨ ਵਾਲਿਆਂ ਵਿੱਚ ਚਾਰ ਔਰਤਾਂ ਅਤੇ ਇੱਕ ਪੰਜ ਸਾਲ ਦੀ ਬੱਚੀ ਵੀ ਸ਼ਾਮਲ ਹੈ। ਜਦਕਿ ਗੰਭੀਰ ਜ਼ਖ਼ਮੀ ਡਰਾਈਵਰ ਅਤੇ ਇਕ ਹੋਰ ਵਿਅਕਤੀ ਦਾ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।