ਇਕ ਵਾਰ ਫਿਰ ਬਦਲੇਗਾ ਮੌਸਮ ਦਾ ਮਿਜ਼ਾਜ, ਪੰਜਾਬ ਸਮੇਤ ਇਹਨਾਂ ਰਾਜਾਂ ਵਿਚ ਪੈ ਸਕਦਾ ਹੈ ਮੀਂਹ
ਪਹਾੜਾਂ 'ਤੇ ਬਰਫਬਾਰੀ ਹੋਣ ਦੀ ਸੰਭਾਵਨਾ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਸਾਫ਼ ਰਿਹਾ ਹੈ। ਤਾਪਮਾਨ ਵਧਣ ਤੋਂ ਬਾਅਦ ਲੋਕਾਂ ਨੂੰ ਠੰਡ ਤੋਂ ਰਾਹਤ ਮਿਲ ਰਹੀ ਹੈ। ਇਸ ਦੇ ਨਾਲ ਹੀ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਇੱਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲਣ ਵਾਲਾ ਹੈ।
ਰਾਜਧਾਨੀ ਦਿੱਲੀ 'ਚ ਇਨ੍ਹੀਂ ਦਿਨੀਂ ਲੋਕ ਧੁੱਪ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਅੱਜ ਪਹਿਲਾਂ ਦੇ ਮੁਕਾਬਲੇ ਤਾਪਮਾਨ ਵਧੇਗਾ ਪਰ ਇਸ ਦੇ ਨਾਲ ਹੀ ਠੰਢੀਆਂ ਹਵਾਵਾਂ ਵੀ ਚਲਣਗੀਆਂ ਅਤੇ ਬੱਦਲ ਛਾਏ ਰਹਿਣਗੇ। ਅੱਜ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 28 ਅਤੇ ਘੱਟੋ-ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਅਗਲੇ ਕੁਝ ਦਿਨਾਂ ਤੱਕ ਦਿੱਲੀ ਵਿੱਚ ਵੀ ਅਜਿਹਾ ਹੀ ਮੌਸਮ ਦੇਖਣ ਨੂੰ ਮਿਲੇਗਾ।
ਹਾਲਾਂਕਿ, ਇੱਕ ਤਾਜ਼ਾ ਪੱਛਮੀ ਗੜਬੜ ਦੇ ਕਾਰਨ ਹਿਮਾਲੀਅਨ ਰਾਜਾਂ ਵਿੱਚ ਅਲੱਗ-ਥਲੱਗ ਥਾਵਾਂ 'ਤੇ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ, ਇੱਕ ਹੋਰ ਪੱਛਮੀ ਗੜਬੜ 17 ਅਤੇ 20 ਫਰਵਰੀ ਦੇ ਵਿਚਕਾਰ ਆਵੇਗੀ, ਜੋ ਉੱਤਰੀ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਸਕਾਈਮੇਟਵੇਦਰ ਦੇ ਅਨੁਸਾਰ, 19 ਫਰਵਰੀ ਨੂੰ ਆਸਮਾਨ ਵਿੱਚ ਅੰਸ਼ਕ ਤੌਰ 'ਤੇ ਬੱਦਲਵਾਈ ਹੋ ਸਕਦੀ ਹੈ ਅਤੇ 20 ਤੋਂ 22 ਫਰਵਰੀ ਦਰਮਿਆਨ ਮੀਂਹ ਵੀ ਪੈ ਸਕਦਾ ਹੈ। ਇਸ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਕਮੀ ਆਉਣ ਦੀ ਵੀ ਸੰਭਾਵਨਾ ਹੈ। 22 ਫਰਵਰੀ ਨੂੰ ਪੰਜਾਬ, ਹਰਿਆਣਾ, ਹਿਮਾਚਲ ਵਿੱਚ ਮੀਂਹ ਦੇ ਨਾਲ ਨਾਲ ਗੜ੍ਹੇ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 26 ਫਰਵਰੀ ਨੂੰ ਸੂਬੇ ਦੇ ਕਈ ਹਿੱਸਿਆਂ 'ਚ ਬਾਰਿਸ਼ ਦੀ ਸੰਭਾਵਨਾ ਬਣ ਸਕਦੀ ਹੈ।