ਭੋਜਪੁਰੀ ਗੀਤ 'ਯੂਪੀ ਮੇਂ ਕਾ ਬਾ' ਨਾਲ ਛਿੜਿਆ ਵਿਵਾਦ, ਗਾਇਕਾ ਨੂੰ ਨੋਟਿਸ ਜਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਡੀਓ ਬਾਰੇ ਤਿੰਨ ਦਿਨਾਂ ਦੇ ਅੰਦਰ ਮੰਗਿਆ ਸਪੱਸ਼ਟੀਕਰਨ

Image

 

ਲਖਨਊ - 'ਯੂਪੀ ਮੇਂ ਕਾ ਬਾ' ਗੀਤ ਨਾਲ ਚਰਚਾ ਵਿੱਚ ਆਈ ਭੋਜਪੁਰੀ ਲੋਕ ਗਾਇਕਾ ਨੇਹਾ ਸਿੰਘ ਰਾਠੌਰ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ  ਨੋਟਿਸ ਭੇਜ ਕੇ ਉਸ ਦੇ ਨਵੇਂ ਵੀਡੀਓ ਬਾਰੇ ਸਪੱਸ਼ਟੀਕਰਨ ਮੰਗਿਆ ਹੈ।

ਕਾਨਪੁਰ ਦਿਹਾਤ ਦੇ ਅਕਬਰਪੁਰ ਥਾਣੇ ਦੇ ਇੰਸਪੈਕਟਰ ਨੇ ਮੰਗਲਵਾਰ ਨੂੰ ਰਾਠੌਰ ਨੂੰ ਨੋਟਿਸ ਭੇਜ ਕੇ ਕਿਹਾ ਕਿ ਟਵਿੱਟਰ 'ਤੇ ਪੋਸਟ ਕੀਤੇ ਗਏ ਉਸ ਦੇ ਤਾਜ਼ਾ ਵੀਡੀਓ 'ਯੂਪੀ ਮੈਂ ਕਾ ਬਾ - ਸੀਜ਼ਨ 2' ਨੇ 'ਤਣਾਅ' ਪੈਦਾ ਕਰ ਦਿੱਤਾ ਹੈ।

ਨੋਟਿਸ ਵਿੱਚ ਕਿਹਾ ਗਿਆ ਹੈ, "ਤੁਹਾਨੂੰ ਵੀਡੀਓ ਬਾਰੇ ਤਿੰਨ ਦਿਨਾਂ ਦੇ ਅੰਦਰ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਜੇਕਰ ਤੁਹਾਡਾ ਜਵਾਬ ਤਸੱਲੀਬਖਸ਼ ਨਹੀਂ ਪਾਇਆ ਜਾਂਦਾ ਹੈ, ਤਾਂ ਤੁਹਾਡੇ ਵਿਰੁੱਧ ਆਈ.ਪੀ.ਸੀ./ਸੀ.ਆਰ.ਪੀ.ਸੀ. (ਭਾਰਤੀ ਦੰਡ ਸੰਹਿਤਾ/ਕ੍ਰਿਮੀਨਲ ਪ੍ਰੋਸੀਜਰ ਕੋਡ) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।"

ਰਾਠੌਰ ਵੱਲੋਂ 16 ਫਰਵਰੀ ਨੂੰ ਸਾਂਝੀ ਕੀਤੀ ਗਈ 1 ਮਿੰਟ 9 ਸੈਕਿੰਡ ਦੀ ਵੀਡੀਓ ਵਿੱਚ, ਉਸ ਨੇ ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਾਨਪੁਰ ਦਿਹਾਤ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਂਅ ਦਾ ਜ਼ਿਕਰ ਕੀਤਾ, ਜਿਸ ਵਿੱਚ ਦੋ ਔਰਤਾਂ ਨੇ ਕਥਿਤ ਤੌਰ 'ਤੇ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਦੌਰਾਨ ਆਪਣੇ ਆਪ ਨੂੰ ਅੱਗ ਲਗਾ ਲਈ ਸੀ।

ਰਾਠੌਰ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਉਸ ਨੂੰ ਨੋਟਿਸ ਦੇਣ ਵਾਲੇ ਪੁਲਿਸ ਕਰਮਚਾਰੀਆਂ ਦੀ ਵੀਡੀਓ ਵੀ ਟਵੀਟ ਕੀਤੀ।

ਨੋਟਿਸ ਵਿੱਚ ਰਾਠੌਰ ਤੋਂ ਪੁੱਛਿਆ ਗਿਆ ਹੈ ਕਿ ਕੀ ਉਹ ਵੀਡੀਓ ਵਿੱਚ ਖੁਦ ਮੌਜੂਦ ਸੀ, ਕੀ ਉਸ ਨੇ ਖ਼ੁਦ ਵੀਡੀਓ ਟਵਿੱਟਰ 'ਤੇ ਅਪਲੋਡ ਕੀਤਾ ਸੀ ਅਤੇ ਕੀ ਉਹ ਆਪਣੇ ਨਾਂਅ 'ਤੇ ਯੂਟਿਊਬ ਅਤੇ ਟਵਿੱਟਰ ਅਕਾਊਂਟ ਦੀ ਵਰਤੋਂ ਕਰਦੀ ਹੈ।

ਨੋਟਿਸ ਵਿੱਚ ਇਹ ਵੀ ਪੁੱਛਿਆ ਗਿਆ ਹੈ ਕਿ ਕੀ ਉਸ ਨੇ ਗੀਤ ਦੇ ਬੋਲ ਖੁਦ ਲਿਖੇ ਹਨ, ਅਤੇ ਕੀ ਉਸ ਨੇ ਇਸ ਵਿੱਚ ਤੱਥਾਂ ਦੀ ਪੁਸ਼ਟੀ ਕੀਤੀ ਹੈ ਅਤੇ ਕੀ ਉਹ ਗੀਤ ਵਿੱਚ ਵਰਤੇ ਗਏ ਸ਼ਬਦਾਂ ਦੇ ਸਮਾਜ ’ਤੇ ਪੈਣ ਵਾਲੇ ਪ੍ਰਭਾਵ ਤੋਂ ਜਾਣੂ ਹੈ।