ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ : ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੰਨਾ ਖ਼ਰੀਦ ਦੀ ਕੀਮਤ ’ਚ ਵਾਧੇ ਨੂੰ ਮੋਦੀ ਨੇ ਦਸਿਆ ‘ਇਤਿਹਾਸਕ’ 

PM Modi

PM Modi: ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਨਾ ਖ਼ਰੀਦ ਦੀ ਕੀਮਤ ’ਚ ਇਤਿਹਾਸਕ ਵਾਧੇ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਮਿਲੀ ਮਨਜ਼ੂਰੀ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਕੇਂਦਰ ਸਰਕਾਰ ਕਿਸਾਨਾਂ ਦੇ ਕਲਿਆਣ ਨਾਲ ਜੁੜੇ ਹਰ ਸੰਕਲਪ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਵਿਚ ਕਿਹਾ,‘‘ਦੇਸ਼ਭਰ ਦੇ ਅਪਣੇ ਕਿਸਾਨ ਭਰਾ-ਭੈਣਾਂ ਦੇ ਕਲਿਆਣ ਨਾਲ ਜੁੜੇ ਹਰ ਸੰਕਲਪ ਨੂੰ ਪੂਰਾ ਕਰਨ ਲਈ ਸਾਡੀ ਸਰਕਾਰ ਵਚਨਬੱਧ ਹੈ। ਇਸੇ ਕੜੀ ’ਚ ਗੰਨਾ ਖ਼ਰੀਦ ਦੀ ਕੀਮਤ ਵਿਚ ਇਤਿਹਾਸਕ ਵਾਧੇ ਨੂੰ ਮਨਜ਼ੂਰੀ ਦਿਤੀ ਗਈ ਹੈ।’’

ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਕਰੋੜਾਂ ਗੰਨਾ ਉਤਪਾਦਕ ਕਿਸਾਨਾਂ ਨੂੰ ਲਾਭ ਹੋਵੇਗਾ। ਦਸਣਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ’ਚ ਆਰਥਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਚੀਨੀ ਮੌਸਮ 2024-25 ਲਈ ਚੀਨੀ ਦੀ 10.25 ਫ਼ੀ ਸਦੀ ਵਸੂਲੀ ਦਰ ’ਤੇ ਗੰਨੇ ਦਾ ਉੱਚਿਤ ਅਤੇ ਲਾਭਕਾਰੀ ਮੁੱਲ (ਐਫ਼.ਆਰ.ਪੀ.) 340 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮਨਜ਼ੂਰੀ ਦੇ ਦਿਤੀ। ਸਰਕਾਰ ਅਨੁਸਾਰ ਇਹ ਗੰਨੇ ਦੀ ਇਤਿਹਾਸਕ ਕੀਮਤ ਹੈ ਜੋ ਚਾਲੂ ਮੌਸਮ 2023-24 ਲਈ ਗੰਨੇ ਦੇ ਐਫ਼.ਆਰ.ਪੀ. ਤੋਂ ਲਗਭਗ 8 ਫ਼ੀ ਸਦੀ ਵੱਧ ਹੈ।