Language dispute: ਕਮਲ ਹਾਸਨ ਨੇ ਕੇਂਦਰ ਦੀ ਭਾਸ਼ਾ ਨੀਤੀ ਦਾ ਕੀਤਾ ਵਿਰੋਧ

ਏਜੰਸੀ

ਖ਼ਬਰਾਂ, ਰਾਸ਼ਟਰੀ

Language dispute: ਕਿਹਾ, ਭਾਸ਼ਾ ਦੇ ਮੁੱਦੇ ਨੂੰ ਹਲਕੇ ਵਿਚ ਨਾ ਲਿਆ ਜਾਵੇ

Kamal Haasan opposes the Center's language policy

ਭਾਸ਼ਾ ਲਈ ਕਈ ਲੋਕਾਂ ਨੇ ਅਪਣੀਆਂ ਜਾਨਾ ਗਵਾਈਆਂ, ਇਸ ਨਾਲ ਨਾ ਖੇਡੋ

Language dispute: ਤਾਮਿਲਨਾਡੂ ਵਿਚ ਤਿਕੋਣੀ ਭਾਸ਼ਾ ਦੇ ਵਿਵਾਦ ਬਾਰੇ ਮੱਕਲ ਨੀਧੀ ਮਾਇਮ (ਐਮਐਨਐਮ) ਪਾਰਟੀ ਦੇ ਮੁਖੀ ਕਮਲ ਹਾਸਨ ਨੇ ਕਿਹਾ ਕਿ ਤਾਮਿਲ ਭਾਸ਼ਾ ਉਨ੍ਹਾਂ ਦੀ ਸਭਿਆਚਾਰਕ ਪਛਾਣ ਹੈ। ਇਸ ਲਈ ਲੋਕਾਂ ਨੇ ਅਪਣੀ ਜਾਨ ਵੀ ਗਵਾਈ ਹੈ। ਇਸ ਨਾਲ ਖਿਲਵਾੜ ਨਾ ਕਰੋ। ਅਦਾਕਾਰ ਤੋਂ ਸਿਆਸਤਦਾਨ ਬਣੇ ਹਾਸਨ ਸ਼ੁਕਰਵਾਰ ਨੂੰ ਚੇਨਈ ਵਿਚ ਅਪਣੀ ਪਾਰਟੀ ਦੇ ਅੱਠਵੇਂ ਸਥਾਪਨਾ ਦਿਵਸ ਮੌਕੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਹਾਸਨ ਨੇ ਕਿਹਾ, ਭਾਸ਼ਾ ਦੇ ਮੁੱਦਿਆਂ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਤਾਮਿਲਨਾਡੂ ਦੇ ਬੱਚੇ ਵੀ ਜਾਣਦੇ ਹਨ ਕਿ ਉਹ ਕਿਹੜੀ ਭਾਸ਼ਾ ਚਾਹੁੰਦੇ ਹਨ। ਉਨ੍ਹਾਂ ਕੋਲ ਅਪਣੀ ਭਾਸ਼ਾ ਚੁਣਨ ਦੀ ਸਿਆਣਪ ਹੈ।

ਹਾਸਨ ਨੇ ਇਹ ਬਿਆਨ ਕੇਂਦਰ ਅਤੇ ਰਾਜ ਵਿਚਾਲੇ ਚੱਲ ਰਹੇ ਤਿਕੋਣੀ ਵਿਵਾਦ ਨੂੰ ਲੈ ਕੇ ਦਿਤਾ ਹੈ। 2019 ਵਿਚ ਲਾਗੂ ਨਵੀਂ ਸਿਖਿਆ ਨੀਤੀ ਤਹਿਤ ਹਰ ਰਾਜ ਦੇ ਵਿਦਿਆਰਥੀਆਂ ਨੂੰ ਤਿੰਨ ਭਾਸ਼ਾਵਾਂ ਸਿੱਖਣੀਆਂ ਪੈਣਗੀਆਂ। ਗ਼ੈਰ-ਹਿੰਦੀ ਭਾਸ਼ੀ ਰਾਜਾਂ ਵਿਚ ਹਿੰਦੀ ਨੂੰ ਦੂਜੀ ਭਾਸ਼ਾ ਵਜੋਂ ਪੜ੍ਹਾਇਆ ਜਾ ਸਕਦਾ ਹੈ। ਤਾਮਿਲਨਾਡੂ ਦੀ ਹਮੇਸ਼ਾ ਦੋ ਭਾਸ਼ਾਵਾਂ ਦੀ ਨੀਤੀ ਰਹੀ ਹੈ। ਇੱਥੋਂ ਦੇ ਸਕੂਲਾਂ ਵਿਚ ਤਾਮਿਲ ਅਤੇ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ।

ਕੇਂਦਰੀ ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁਕਰਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੂੰ ਇਕ ਪੱਤਰ ਲਿਖਿਆ। ਉਨ੍ਹਾਂ ਰਾਜ ਵਿਚ ਹੋ ਰਹੇ ਰਾਸ਼ਟਰੀ ਸਿਖਿਆ ਨੀਤੀ (ਐਨਈਪੀ) ਦੇ ਵਿਰੋਧ ਵਿਚ ਹੋ ਰਹੇ ਪ੍ਰਦਰਸ਼ਨਾਂ ਦੀ ਆਲੋਚਨਾ ਕੀਤੀ। ਉਨ੍ਹਾਂ ਲਿਖਿਆ, ‘ਕਿਸੇ ਭਾਸ਼ਾ ਨੂੰ ਥੋਪਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਵਿਦੇਸ਼ੀ ਭਾਸ਼ਾਵਾਂ ਉੱਤੇ ਬਹੁਤ ਜ਼ਿਆਦਾ ਨਿਰਭਰਤਾ ਅਪਣੀ ਭਾਸ਼ਾ ਨੂੰ ਸੀਮਤ ਕਰ ਦਿੰਦੀ ਹੈ। ਨਵੀਂ ਰਾਸ਼ਟਰੀ ਸਿਖਿਆ ਨੀਤੀ (ਐਨਈਪੀ) ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਐਨਈਪੀ ਭਾਸ਼ਾਈ ਆਜ਼ਾਦੀ ਨੂੰ ਬਰਕਰਾਰ ਰੱਖਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਅਪਣੀ ਪਸੰਦ ਦੀ ਭਾਸ਼ਾ ਸਿੱਖਣਾ ਜਾਰੀ ਰੱਖਣ। ਇਸ ਤੋਂ ਪਹਿਲਾਂ 15 ਫ਼ਰਵਰੀ ਨੂੰ ਵਾਰਾਣਸੀ ’ਚ ਇਕ ਪ੍ਰੋਗਰਾਮ ’ਚ ਧਰਮਿੰਦਰ ਪ੍ਰਧਾਨ ਨੇ ਤਾਮਿਲਨਾਡੂ ਰਾਜ ਸਰਕਾਰ ’ਤੇ ਸਿਆਸੀ ਹਿਤਾਂ ਦੀ ਪੂਰਤੀ ਕਰਨ ਦਾ ਦੋਸ਼ ਲਗਾਇਆ ਸੀ।