ਨਵੀਂ ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋਵੇਗਾ, ‘ਕੈਗ’ ਦੀ ਰੀਪੋਰਟ  ਪੇਸ਼ ਕੀਤੀ ਜਾਵੇਗੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਜੇਂਦਰ ਗੁਪਤਾ ਅਤੇ ਮੋਹਨ ਸਿੰਘ ਬਿਸ਼ਟ ਨੂੰ ਕ੍ਰਮਵਾਰ ਸਪੀਕਰ ਅਤੇ ਡਿਪਟੀ ਸਪੀਕਰ ਬਣਨਗੇ

Delhi Legislative Assembly

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਨਵੇਂ ਚੁਣੇ ਗਏ ਮੈਂਬਰ ਸਵੇਰੇ 11 ਵਜੇ ਸਹੁੰ ਚੁੱਕਣਗੇ। ਵਿਧਾਨ ਸਭਾ ਸਕੱਤਰੇਤ ਵਲੋਂ  ਜਾਰੀ ਬੁਲੇਟਿਨ ’ਚ ਇਹ ਜਾਣਕਾਰੀ ਦਿਤੀ  ਗਈ ਹੈ। ਤਿੰਨ ਦਿਨ ਚੱਲਣ ਵਾਲੇ ਇਸ ਸੈਸ਼ਨ ’ਚ ਸਦਨ ਦੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਦੇ ਨਾਲ-ਨਾਲ ਪਿਛਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਕਾਰਗੁਜ਼ਾਰੀ ’ਤੇ  ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀਆਂ 14 ਰੀਪੋਰਟਾਂ ਪੇਸ਼ ਕੀਤੀਆਂ ਜਾਣਗੀਆਂ। 

ਭਾਜਪਾ ਨੇਤਾਵਾਂ ਨੇ ਕਿਹਾ ਕਿ ਪਾਰਟੀ ਨੇ ਸੀਨੀਅਰ ਵਿਧਾਇਕ ਵਿਜੇਂਦਰ ਗੁਪਤਾ ਅਤੇ ਮੋਹਨ ਸਿੰਘ ਬਿਸ਼ਟ ਨੂੰ ਕ੍ਰਮਵਾਰ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਲਈ ਨਾਮਜ਼ਦ ਕੀਤਾ ਹੈ। ਵਿਧਾਨ ਸਭਾ ਦੇ ਏਜੰਡੇ ਅਨੁਸਾਰ 24 ਫ਼ਰਵਰੀ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਵਿਜੇਂਦਰ ਗੁਪਤਾ ਨੂੰ ਸਪੀਕਰ ਚੁਣਨ ਲਈ ਮਤਾ ਪੇਸ਼ ਕਰੇਗੀ ਅਤੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਇਸ ਦਾ ਸਮਰਥਨ ਕਰਨਗੇ। 

ਗੁਪਤਾ ਅਤੇ ਬਿਸ਼ਟ ਦੋਹਾਂ  ਦਾ ਚੁਣਿਆ ਜਾਣਾ ਨਿਸ਼ਚਿਤ ਹੈ ਕਿਉਂਕਿ 70 ਮੈਂਬਰੀ ਵਿਧਾਨ ਸਭਾ ’ਚ ਭਾਜਪਾ ਦੇ 48 ਵਿਧਾਇਕ ਹਨ। 22 ਵਿਧਾਇਕਾਂ ਵਾਲੀ ‘ਆਪ’ ਨੇ ਅਜੇ ਵਿਰੋਧੀ ਧਿਰ ਦੇ ਨੇਤਾ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ, ਹਾਲਾਂਕਿ ਸਾਬਕਾ ਮੁੱਖ ਮੰਤਰੀ ਆਤਿਸ਼ੀ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਇਸ ਅਹੁਦੇ ਲਈ ਸੱਭ ਤੋਂ ਅੱਗੇ ਦੱਸੇ ਜਾ ਰਹੇ ਹਨ। 

ਸੈਸ਼ਨ ਦੇ ਦੂਜੇ ਦਿਨ 25 ਫ਼ਰਵਰੀ ਨੂੰ ਉਪ ਰਾਜਪਾਲ ਵੀ.ਕੇ. ਸਕਸੈਨਾ ਸਦਨ ’ਚ ਭਾਸ਼ਣ ਦੇਣਗੇ ਅਤੇ ਕੈਗ ਦੀਆਂ 14 ਰੀਪੋਰਟਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਉਪ ਰਾਜਪਾਲ ਦੇ ਭਾਸ਼ਣ ’ਤੇ  ਚਰਚਾ ਹੋਵੇਗੀ। ਬੁਲੇਟਿਨ ਵਿਚ ਕਿਹਾ ਗਿਆ ਹੈ ਕਿ ਧੰਨਵਾਦ ਪ੍ਰਸਤਾਵ ’ਤੇ  ਚਰਚਾ 27 ਫ਼ਰਵਰੀ ਨੂੰ ਤੀਜੇ ਦਿਨ ਵੀ ਜਾਰੀ ਰਹੇਗੀ। ਡਿਪਟੀ ਸਪੀਕਰ ਦੀ ਚੋਣ ਉਸੇ ਦਿਨ ਹੋਵੇਗੀ। 

ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੂੰ ਪ੍ਰੋਟੇਮ ਸਪੀਕਰ ਨਿਯੁਕਤ ਕੀਤਾ ਗਿਆ

ਵਿਧਾਨ ਸਭਾ ਸਕੱਤਰੇਤ ਨੇ ਸ਼ੁਕਰਵਾਰ  ਨੂੰ ਉਪ ਰਾਜਪਾਲ ਦੇ ਹੁਕਮ ਦਾ ਨੋਟੀਫਿਕੇਸ਼ਨ ਜਾਰੀ ਕਰਦਿਆਂ ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੂੰ ਪ੍ਰੋਟੇਮ ਸਪੀਕਰ ਨਿਯੁਕਤ ਕੀਤਾ ਹੈ। ਪ੍ਰੋਟੇਮ ਸਪੀਕਰ ਸਦਨ ਦੀ ਬੈਠਕ ਸ਼ੁਰੂ ਹੋਣ ਤੋਂ ਲੈ ਕੇ ਨਵੇਂ ਸਪੀਕਰ ਦੀ ਚੋਣ ਤਕ  ਸਪੀਕਰ ਦੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਸਦਨ ਦੇ ਨਵੇਂ ਮੈਂਬਰ ਪ੍ਰੋਟੇਮ ਸਪੀਕਰ ਦੇ ਸਾਹਮਣੇ ਸਹੁੰ ਚੁੱਕਣਗੇ।