ਇਕ ਪਾਸੇ ਨਰਮਾ ਵਾਹ ਦੇਣ ਦੀਆਂ ਖ਼ਬਰਾਂ ਤੇ ਦੂਜੇ ਪਾਸੇ ਨਵੇਂ ਤਜਰਬੇ 'ਚ ਨਰਮੇ ਦੀ ਚੁਗਾਈ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਹਿਲੀ ਵਾਰ ਮਹਿਜ਼ ਦੋ ਏਕੜ ਜ਼ਮੀਨ 'ਚ ਰਾਸ਼ੀ-773 ਕਿਸਮ ਦੀ ਬਿਜਾਈ ਦੇਸੀ ਮਹੀਨੇ 15 ਵੈਸਾਖ ਨੂੰ ਕੀਤੀ ਸੀ।

narma

 

ਕੋਟਕਪੂਰਾ, 22 ਅਗੱਸਤ (ਗੁਰਿੰਦਰ ਸਿੰਘ) : ਕਿਸੇ ਸਮੇਂ ਮਾਲਵਾ ਖੇਤਰ ਕਾਟਨਕਿੰਗ ਵਜੋਂ ਜਾਣਿਆ ਜਾਂਦਾ ਸੀ ਪਰ ਸਮੇਂ ਦੀ ਮਾਰ ਨੇ ਕਪਾਹ ਨਰਮਾ ਬੀਜਣ ਵਾਲੇ ਕਿਸਾਨਾਂ ਨੂੰ ਝੋਨਾ ਜਾਂ ਹੋਰ ਬਦਲਵੀਆਂ ਫ਼ਸਲਾਂ ਬੀਜਣ ਲਈ ਮਜਬੂਰ ਕਰ ਦਿਤਾ। ਭਾਵੇਂ ਇਸ ਵਾਰ ਇਲਾਕੇ 'ਚ ਨਰਮੇ ਦੀ ਫ਼ਸਲ ਦੀ ਬਿਜਾਈ ਨਾਮਾਤਰ ਹੋਈ ਹੈ ਪਰ ਨੇੜਲੇ ਪਿੰਡ ਢਾਬ ਗੁਰੂ ਕੀ ਦੇ ਕਿਸਾਨ ਵਲੋਂ ਨਰਮੇ ਦੀ ਬਿਜਾਈ ਸਬੰਧੀ ਪਹਿਲੀ ਵਾਰ ਕੀਤਾ ਗਿਆ ਤਜਰਬਾ ਕਾਫੀ ਸਫਲ ਰਿਹਾ ਹੈ।
ਪਿੰਡ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਢਿੱਲੋਂ ਨੇ ਦਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ ਮਹਿਜ਼ ਦੋ ਏਕੜ ਜ਼ਮੀਨ 'ਚ ਰਾਸ਼ੀ-773 ਕਿਸਮ ਦੀ ਬਿਜਾਈ ਦੇਸੀ ਮਹੀਨੇ 15 ਵੈਸਾਖ ਨੂੰ ਕੀਤੀ ਸੀ। ਲਗਭਗ 4 ਮਹੀਨਿਆਂ ਦੌਰਾਨ ਫ਼ਸਲ 'ਤੇ 15 ਸਪਰੇਆਂ ਖੇਤੀਬਾੜੀ
ਵਿਕਾਸ ਅਧਿਕਾਰੀ ਗੁਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਦੀ ਪ੍ਰੇਰਨਾ ਨਾਲ਼ ਕੀਤੀਆਂ ਗਈਆਂ ਹਨ, ਜਿਸ ਸਦਕਾ ਹੁਣ ਤਕ ਨਰਮੇ ਨੂੰ ਕੋਈ ਵੀ ਬਿਮਾਰੀ ਨਹੀਂ ਹੈ। ਉਨ੍ਹਾਂ ਦਸਿਆ ਕਿ ਨਰਮੇ ਦੀ ਪਹਿਲੀ ਚੁਗਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵਧੀਆ ਝਾੜ ਦੀ ਉਮੀਦ ਹੈ।
ਉਕਤ ਕਰਤੱਬ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਮਾਲਵਾ ਖੇਤਰ ਦੀ ਪ੍ਰਸਿੱਧ ਫ਼ਸਲ ਨਰਮੇ ਸਬੰਧੀ ਇਸ ਵਾਰ ਚਿੱਟੀ ਮੱਖੀ ਅਤੇ ਜੂੰ ਦੇ ਹਮਲੇ ਕਾਰਨ ਕਿਸਾਨਾਂ 'ਚ ਕਾਫ਼ੀ ਜ਼ਿਆਦਾ ਨਿਰਾਸ਼ਤਾ ਵਿਖਾਈ ਦੇ ਰਹੀ ਹੈ। ਬਿਮਾਰੀ ਦਾ ਹਮਲਾ ਕਾਬੂ 'ਚ ਨਾ ਆਉਣ ਕਾਰਨ ਨਿਰਾਸ਼ਤਾ ਦੇ ਆਲਮ 'ਚ ਕਿਸਾਨਾਂ ਵਲੋਂ ਨਰਮੇ ਦੀ ਫ਼ਸਲ ਜ਼ਮੀਨ 'ਚ ਵਾਹ ਦੇਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ ਪਰ ਗੁਰਵਿੰਦਰ ਸਿੰਘ ਦਾ ਪਰਵਾਰ ਨਵੇਂ ਤਜਰਬੇ ਦੀ ਨਰਮੇ ਦੀ ਬਿਜਾਈ ਤੋਂ ਸੰਤੁਸ਼ਟ ਅਤੇ ਖ਼ੁਸ਼ ਹੈ।