ਸੰਸਦ ਮੈਂਬਰਾਂ ਨੂੰ ਮਿਲਿਆ ਰੌਲੇ-ਰੱਪੇ ਦਾ ਇਨਾਮ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਤਨਖ਼ਾਹ 'ਚ ਕੀਤਾ 100 ਫ਼ੀ ਸਦੀ ਵਾਧਾ

Rajya Sabha

'ਕੰਮ ਨਹੀਂ ਤਾਂ ਤਨਖ਼ਾਹ ਨਹੀਂ' ਬਾਰੇ ਸਮਾਂ ਆਉਣ 'ਤੇ ਸੋਚਾਂਗੇ : ਸੰਸਦੀ ਕਾਰਜ ਮੰਤਰੀ
ਇਕ ਪਾਸੇ ਜਿਥੇ ਸੰਸਦ 'ਚ ਪਿਛਲੀਆਂ 14 ਬੈਠਕਾਂ ਤੋਂ ਕੋਈ ਕੰਮ ਨਹੀਂ ਹੋ ਰਿਹਾ, ਉਥੇ ਸਰਕਾਰ ਨੇ ਅੱਜ ਸੰਸਦ ਮੈਂਬਰਾਂ ਨੂੰ ਤਨਖ਼ਾਹਾਂ 'ਚ ਵਾਧੇ ਦਾ ਤੋਹਫ਼ਾ ਦਿਤਾ ਹੈ। ਮੀਡੀਆ 'ਚ ਆਈਆਂ ਖ਼ਬਰਾਂ ਅਨੁਸਾਰ ਸਰਕਾਰ ਨੇ ਸੰਸਦ ਮੈਂਬਰਾਂ ਦੀਆਂ ਤਨਖ਼ਾਹਾਂ 'ਚ ਮਹੀਨਾਵਾਰ 100 ਫ਼ੀ ਸਦੀ ਵਾਧੇ ਨੂੰ ਮਨਜ਼ੂਰੀ ਦੇ ਦਿਤੀ ਹੈ। ਤਾਜ਼ਾ ਫ਼ੈਸਲੇ ਨਾਲ ਸੰਸਦ ਮੈਂਬਰਾਂ ਨੂੰ ਹੁਣ ਹਰ ਮਹੀਨੇ 1 ਲੱਖ ਰੁਪਏ ਮੂਲ ਤਨਖ਼ਾਹ ਮਿਲੇਗੀ ਜੋ ਕਿ ਪਹਿਲਾਂ 50 ਹਜ਼ਾਰ ਰੁਪਏ ਸੀ। ਇਸ ਨਵੇਂ ਤੋਹਫ਼ੇ ਨਾਲ ਸੰਸਦੀ ਭੱਤਾ ਵਧਾ ਕੇ 30 ਹਜ਼ਾਰ ਰੁਪਏ ਕਰ ਦਿਤਾ ਗਿਆ ਹੈ, ਦਫ਼ਤਰੀ ਭੱਤਾ ਵੀ 30 ਹਜ਼ਾਰ ਰੁਪਏ ਕਰ ਦਿਤਾ ਗਿਆ ਹੈ ਅਤੇ ਫ਼ਰਨੀਚਰ ਭੱਤਾ ਵਧਾ ਕੇ 75 ਹਜ਼ਾਰ ਕਰ ਦਿਤਾ ਹੈ। ਉਧਰ ਕੇਂਦਰੀ ਸੰਸਦੀ ਕਾਰਜ ਮੰਤਰੀ ਅਰਜੁਨ ਮੇਘਵਾਲ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਮਨੋਜ ਤਿਵਾਰੀ ਦੇ ਉਸ ਸੁਝਾਅ 'ਤੇ ਸਮਾਂ ਆਉਣ 'ਤੇ ਵਿਚਾਰ ਕੀਤਾ ਜਾਵੇਗਾ ਜਿਸ 'ਚ ਤਿਵਾਰੀ ਨੇ ਕਿਹਾ ਸੀ ਕਿ ਜੇਕਰ ਸੰਸਦ ਮੈਂਬਰ ਕੰਮ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਤਨਖ਼ਾਹ ਨਾ ਦਿਤੀ ਜਾਵੇ।ਮੇਘਵਾਲ ਨੇ ਕਿਹਾ, ''ਸੰਸਦ ਨੂੰ ਠੀਕ ਢੰਗ ਨਾਲ ਚਲਣਾ ਚਾਹੀਦਾ ਹੈ। ਇਹੀ ਸਾਡੀ ਪਹਿਲ ਹੈ। ਪਰ ਹੁਣ ਹਰ ਰੋਜ਼ ਰੌਲਾ-ਰੱਪਾ ਪੈਂਦਾ ਰਹਿੰਦਾ ਹੈ। ਸੰਸਦ ਮੈਂਬਰ ਨੇ ਮਾਣਯੋਗ ਸਪੀਕਰ ਨੂੰ ਨੋਟਿਸ ਭੇਜਿਆ ਹੈ। ਪਹਿਲਾਂ ਸਪੀਕਰ ਨੂੰ ਇਸ ਬਾਰੇ ਪ੍ਰਤੀਕਿਰਿਆ ਦੇਣ ਦਿਉ। ਉਸ ਤੋਂ ਬਾਅਦ ਸਰਕਾਰ ਕੋਈ ਫ਼ੈਸਲਾ ਕਰੇਗੀ।'' ਉਨ੍ਹਾਂ ਕਿਹਾ ਕਿ ਸਰਕਾਰ ਹਰ ਉਸ ਸੁਝਾਅ 'ਤੇ ਵਿਚਾਰ ਕਰਨ ਲਈ ਤਿਆਰ ਹੈ, ਜਿਸ ਨਾਲ ਸੰਸਦ ਸੁਚਾਰੂ ਢੰਗ ਨਾਲ ਚੱਲ ਸਕੇ।

ਜ਼ਿਕਰਯੋਗ ਹੈ ਕਿ ਮਨੋਜ ਤਿਵਾਰੀ ਨੇ ਕਲ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਚਿੱਠੀ ਲਿਖੀ ਸੀ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਸੰਸਦ ਮੈਂਬਰ ਅਪਣੀਆਂ ਜ਼ਿੰਮੇਵਾਰੀਆਂ ਤੋਂ ਦੂਰ ਹੱਟ ਰਹੇ ਹਨ ਇਸ ਲਈ ਉਨ੍ਹਾਂ ਦੀ ਤਨਖ਼ਾਹ ਕੱਟਣੀ ਚਾਹੀਦੀ ਹੈ। ਅੱਜ ਲਗਾਤਾਰ 14ਵੇਂ ਦਿਨ ਵੀ ਲੋਕ ਸਭਾ ਅਤੇ ਰਾਜ ਸਭਾ ਵਿਚ ਵੱਖ ਵੱਖ ਮੁੱਦਿਆਂ 'ਤੇ ਮੈਂਬਰਾਂ ਦੇ ਰੌਲੇ-ਰੱਪੇ ਕਾਰਨ ਬੈਠਕਾਂ ਚੱਲ ਨਾ ਸਕੀਆਂ ਅਤੇ ਅੰਨਾ ਡੀ.ਐਮ.ਕੇ. ਅਤੇ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਮੈਂਬਰਾਂ ਦੀ ਨਾਹਰੇਬਾਜ਼ੀ ਕਾਰਨ ਇਕ ਵਾਰ ਕਾਰਵਾਈ ਰੋਕ ਦਿਤੀ ਗਈ ਅਤੇ ਫਿਰ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ। ਰਾਜ ਸਭਾ ਦੀ ਕਾਰਵਾਈ ਬੈਠਕ ਸ਼ੁਰੂ ਹੋਣ ਦੇ ਕਰੀਬ 20 ਮਿੰਟ ਮਗਰੋਂ ਹੀ, ਉਥੇ ਹੀ ਲੋਕ ਸਭਾ ਦੀ ਬੈਠਕ ਇਕ ਵਾਰ ਮੁਲਤਵੀ ਹੋਣ ਮਗਰੋਂ ਦੁਪਹਿਰ ਕਰੀਬ 12 ਵਜੇ ਦਿਨ ਭਰ ਲਈ ਮੁਲਤਵੀ ਕਰ ਦਿਤੀ ਗਈ।ਰੌਲੇ ਕਾਰਨ ਤੇਲਗੂ ਦੇਸਮ ਪਾਰਟੀ ਅਤੇ ਵਾਈ.ਐਸ.ਆਰ. ਕਾਂਗਰਸ ਦੇ ਸਰਕਾਰ ਵਿਰੁਧ ਲਿਆਂਦੇ ਗਏ ਬੇਭਰੋਸਗੀ ਮਤੇ 'ਤੇ ਚਰਚਾ ਨਹੀਂ ਹੋ ਸਕੀ। ਸਪੀਕਰ ਸੁਮਿਤਰਾ ਮਹਾਜਨ ਨੇ ਇਸ ਮਤੇ ਨੂੰ ਅੱਗੇ ਵਧਾਉਣ ਤੋਂ ਅਸਮਰੱਥਾ ਪ੍ਰਗਟ ਕੀਤੀ। ਇਹ ਮਤਾ ਤੇਲਗੂ ਦੇਸਮ ਪਾਰਟੀ ਦੇ ਟੀ. ਨਰਸਿੰਹਨ ਅਤੇ ਵਾਈ.ਐਸ.ਆਰ. ਕਾਂਗਰ ਦੇ ਵਾਈ ਬੀ. ਸੁਬਾਰੈਡੀ ਵਲੋਂ ਸਰਕਾਰ ਵਿਰੁਧ ਲਿਆਂਦਾ ਗਿਆ ਸੀ। ਮਹਾਜਨ ਨੇ ਕਿਹਾ ਕਿ ਜਦ ਤਕ ਸਦਨ ਵਿਚ ਮਾਹੌਲ ਠੀਕ ਨਹੀਂ ਹੋਵੇਗਾ, ਤਦ ਤਕ ਉਹ ਇਸ ਮਤੇ ਨੂੰ ਅੱਗੇ ਵਧਾਉਣ ਲਈ 50 ਮੈਂਬਰਾਂ ਦੀ ਗਿਣਤੀ ਨਹੀਂ ਕਰ ਸਕਦੀ। ਇਸ ਮਗਰੋਂ ਕਾਂਗਰਸ, ਸੀ.ਪੀ.ਐਮ. ਅਤੇ ਕੁੱਝ ਦੂਜੀਆਂ ਪਾਰਟੀਆਂ ਦੇ ਮੈਂਬਰਾਂ ਨੇ ਅਪਣੀਆਂ ਥਾਵਾਂ 'ਤੇ ਖੜੇ ਹੋ ਕੇ ਹੱਥ ਉਪਰ ਕਰ ਦਿਤੇ।