ਵਿਵਾਦਿਤ ਬਿਆਨ ਦੇਣ ਵਾਲੇ ਉੱਤਰਾਖੰਡ ਦੇ CM ਨੂੰ ਬਾਲੀਵੁੱਡ ਨਿਰਦੇਸ਼ਕ ਨੇ ਦਿੱਤੀ ਚੁੱਪ ਰਹਿਣ ਦੀ ਸਲਾਹ
ਤੀਰਥ ਸਿੰਘ ਰਾਵਤ ਦੇ ਬਿਆਨਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਆਲੋਚਨਾ ਹੋ ਰਹੀ ਹੈ।
ਨਵੀਂ ਦਿੱਲੀ - ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਲਗਾਤਾਰ ਵਿਵਾਦਿਤ ਬਿਆਨ ਦੇ ਰਹੇ ਹਨ। ਹੁਣ ਐਤਵਾਰ ਨੂੰ ਆਪਣੇ ਬਿਆਨ ਵਿਚ ਉਹਨਾਂ ਨੇ ਭਾਰਤ ਨੂੰ 200 ਸਾਲਾਂ ਲਈ ਅਮਰੀਕਾ ਦਾ ਗੁਲਾਮ ਦੱਸਿਆ ਅਤੇ ਇਸ ਦੇ ਨਾਲ ਉਹਨਾਂ ਨੇ ਇੱਕ ਵਿਵਾਦਿਤ ਬਿਆਨ ਵਿਚ ਕਿਹਾ ਕਿ ਲੋਕਾਂ ਨੂੰ ਕੋਵਿਡ -19 ਦੌਰਾਨ ਵਧੇਰੇ ਰਾਸ਼ਨ ਪਾਉਣਾ ਹੀ ਸੀ ਤਾਂ ਉਨ੍ਹਾਂ ਨੂੰ 2 ਦੀ ਬਜਾਏ ਵਧੇਰੇ ਬੱਚੇ ਪੈਦਾ ਕਰਨੇ ਚਾਹੀਦੇ ਸਨ।
ਤੀਰਥ ਸਿੰਘ ਰਾਵਤ ਦੇ ਇਨ੍ਹਾਂ ਬਿਆਨਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਆਲੋਚਨਾ ਹੋ ਰਹੀ ਹੈ। ਹੁਣ ਬਾਲੀਵੁੱਡ ਨਿਰਦੇਸ਼ਕ ਓਨੀਰ ਨੇ ਉਹਨਾਂ ਦੇ ਬਿਆਨ ਬਾਰੇ ਇਕ ਟਵੀਟ ਕਰ ਕੇ ਉਹਨਾਂ ਨੂੰ ਚੁੱਪ ਰਹਿਣ ਦੀ ਸਲਾਹ ਦਿੱਤੀ। ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿਖੇ ਇਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕਿਹਾ, ‘ਕੋਵਿਡ-19 ਨਾਲ ਪ੍ਰਭਾਵਿਤ ਲੋਕਾਂ ਨੂੰ ਹਰ ਘਰ ਵਿਚ ਪ੍ਰਤੀ ਯੂਨਿਟ 5 ਕਿਲੋ ਰਾਸ਼ਨ ਦਿੱਤਾ ਗਿਆ ਹੈ।
ਜੇ 10 ਲੋਕ ਹਨ ਤਾਂ 50 ਕਿਲੋ, ਜੋ 20 ਹਨ ਤਾਂ ਕੁਇੰਟਲ ਰਾਸ਼ਨ ਦਿੱਤਾ। ਫਿਰ ਵੀ ਜਲਣ ਹੋ ਰਹੀ ਹੈ ਕਿ 2 ਵਾਲਿਆਂ ਨੂੰ 10 ਕਿਲੋ ਅਤੇ 20 ਵਾਲਿਆਂ ਨੂੰ ਕੁਇੰਟਲ ਰਾਸ਼ਨ ਕਿਉਂ ਮਿਲਿਆ, ਇਸ ਵਿਚ ਜਲਣ ਕਿਵੇਂ ਦੀ? ਜਦੋਂ ਸਮਾਂ ਸੀ ਤਾਂ ਤੁਸੀਂ 2 ਹੀ ਬੱਚੇ ਪੈਦਾ ਕੀਤਾ 20 ਕਿਉਂ ਨੀ ਕੀਤੇ? ਸੀਐੱਮ ਤੀਰਥ ਸਿੰਘ ਦੇ ਇਸ ਬਿਆਨ 'ਤੇ ਟਵੀਟ ਕਰਦੇ ਹੋਏ ਉਨਿਰ ਨੇ ਲਿਖਿਆ ਕਿ ''ਇਸ ਆਦਮੀ ਨੂੰ ਚੁੱਪ ਰਹਿਣਾ ਚਾਹੀਦਾ ਹੈ'' ਅਜਿਹਾ ਪਹਿਲੀ ਵਾਰ ਨਹੀਂ ਕਿ ਰਾਵਤ ਨੇ ਇਸ ਪ੍ਰਕਾਰ ਦਾ ਵਿਵਾਦਿਤ ਬਿਆਨ ਦਿੱਤਾ ਹੋਵੇ। ਬੀਤੇ ਦਿਨੀਂ ਉਹਨਾਂ ਨੇ ਲੜਕੀਆਂ ਦੇ ਫਟੀ ਜੀਨ ਪਾਉਣ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ।