ਕਈ ਭਾਜਪਾ ਆਗੂ ਵੀ ਕਿਸਾਨ ਅੰਦੋਲਨ ਪ੍ਰਤੀ ਅਪਣੀ ਪਾਰਟੀ ਦੀ ਨੀਤੀ ਤੋਂ ਦੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਸਾਬਕਾ ਮੰਤਰੀ ਨੇ ਦਿਤੀ ਸੱਭ ਤੋਂ ਪਹਿਲਾਂ ਇਸ ਦੇ ਹੱਲ ਦੀ ਸਲਾਹ

BJP Leaders

ਚੰਡੀਗੜ੍ਹ (ਪ੍ਰਮੋਦ ਕੌਸ਼ਲ):  ਭਾਜਪਾ ਪੰਜਾਬ ਦੀ ਦੋ ਦਿਨੀਂ ਪ੍ਰਦੇਸ਼ ਕਾਰਜਕਾਰਨੀ ਦੀ ਮੀਟਿੰਗ ਐਤਵਾਰ ਨੂੰ ਚੰਡੀਗੜ੍ਹ ਵਿਖੇ ਸਮਾਪਤ ਹੋਈ ਜਿਸ ਵਿਚ ਪਾਰਟੀ ਦੇ ਇੰਚਾਰਜਾਂ, ਸੂਬਾ ਪ੍ਰਧਾਨ ਸਮੇਤ ਹੋਰ ਅਹੁਦੇਦਾਰ ਉਚੇਚੇ ਤੌਰ ਉਤੇ ਪਹੁੰਚੇ। ਦਸਿਆ ਜਾ ਰਿਹਾ ਕਿ ਪੰਜਾਬ ਭਾਜਪਾ ਦੀ ਮੀਟਿੰਗ ਵਿਚ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਿਹਾ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਨਾਲ ਹਾਵੀ ਰਿਹਾ। 

ਸੂਤਰਾਂ ਦੀ ਮੰਨੀਏ ਤਾਂ ਪੰਜਾਬ ਭਾਜਪਾ ਦੀ ਮੀਟਿੰਗ ਵਿਚ ਜਿੱਥੇ ਭਾਜਪਾ ਆਗੂਆਂ ਨੂੰ ਲੋਕਾਂ ਵਿਚ ਜਾ ਕੇ ਪਾਰਟੀ ਦਾ ਏਜੰਡਾ ਪਹੁੰਚਾਉਣ ਲਈ ਪ੍ਰੇਰਿਆ ਗਿਆ ਅਤੇ ਨਾਲ ਹੀ ਖੇਤੀ ਕਾਨੂੰਨਾਂ ਦੇ ਮਸਲੇ ਤੇ ਵੀ ਲੋਕਾਂ ਨਾਲ ਗੱਲ ਕਰਨ ਦੀ ਸਲਾਹ ਪਾਰਟੀ ਆਗੂਆਂ ਨੇ ਹੇਠਲੀ ਲੀਡਰਸ਼ਿਪ ਨੂੰ ਦਿਤੀ ਪਰ ਬਾਵਜੂਦ ਇਸ ਦੇ ਕੁੱਝ ਆਗੂ ਕਿਸਾਨ ਅੰਦੋਲਨ ਅਤੇ ਪਾਰਟੀ ਨਾਲੋਂ ਵਖਰੀ ਰਾਏ ਰੱਖਦੇ ਨੇ ਅਤੇ ਇਸ ਮੀਟਿੰਗ ਵਿਚ ਵੀ ਇਹ ਗੱਲ ਦੇਖਣ ਨੂੰ ਮਿਲੀ ਹੈ। 

ਸੂਤਰਾਂ ਦੀ ਮੰਨੀਏ ਤਾਂ ਭਾਜਪਾ ਦੇ ਇਕ ਸਾਬਕਾ ਮੰਤਰੀ ਨੇ ਇਸ ਮੀਟਿੰਗ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਖ਼ੂਬ ਬੇਬਾਕੀ ਨਾਲ ਅਪਣੀ ਰਾਏ ਰੱਖਦੇ ਹੋਏ ਕਿਹਾ ਕਿ ਪਾਰਟੀ ਨੂੰ ਇਸ ਅੰਦੋਲਨ ਕਰ ਕੇ ਪੰਜਾਬ ਵਿਚ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਪਾਰਟੀ ਦੇ ਵਰਕਰ ਅਤੇ ਲੀਡਰ ਪਿੰਡਾਂ ਵਿਚ ਨਹੀਂ ਸਕਦੇ। ਉਕਤ ਆਗੂ ਨੇ ਠੋਕ ਵਜਾ ਕੇ ਕਿਹਾ ਕਿ ਜਿਹੜੇ ਆਗੂਆਂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕਿਸਾਨਾਂ ਲਈ ਨਕਸਲੀ, ਖ਼ਾਲਿਸਤਾਨੀ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਉਸ ਦਾ ਨੁਕਸਾਨ ਪੰਜਾਬ ਵਿਚ ਭਾਜਪਾ ਨੂੰ ਜੋ ਹੋਇਆ ਹੈ ਉਸ ਦਾ ਕਿਸੇ ਨੇ ਅੰਦਾਜ਼ਾ ਵੀ ਨਹੀਂ ਸੀ ਲਾਇਆ। 

ਦਸਿਆ ਜਾ ਰਿਹਾ ਹੈ ਕਿ ਉਕਤ ਭਾਜਪਾ ਆਗੂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੇਕਰ ਪੰਜਾਬ ਵਿਚ ਭਾਜਪਾ ਨੂੰ ਸਟੈਂਡ ਕਰਨਾ ਹੈ ਤਾਂ ਸੱਭ ਤੋਂ ਪਹਿਲਾਂ ਖੇਤੀ ਕਾਨੂੰਨਾਂ ਵਾਲੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਬਾਰਡਰਾਂ ਉਤੇ ਬੈਠੇ ਕਿਸਾਨਾਂ ਦਾ ਧਰਨਾ ਸਮਾਪਤ ਹੋ ਸਕੇ ਅਤੇ ਜਦੋਂ ਇਹ ਹੋ ਗਿਆ ਤਾਂ ਪਾਰਟੀ ਦੀ ਪੋਜ਼ੀਸ਼ਨ ਅਪਣੇ ਆਪ ਬਿਹਤਰ ਹੋ ਜਾਣੀ ਹੈ।

ਸੂਤਰਾਂ ਮੁਤਾਬਕ ਜਦੋਂ ਉਕਤ ਆਗੂ ਵਲੋਂ ਇਹ ਸੱਭ ਗੱਲਾਂ ਕਹੀਆਂ ਜਾ ਰਹੀਆਂ ਸਨ ਤਾਂ ਮੀਟਿੰਗ ਵਿਚ ਬੈਠੇ ਵਰਕਰਾਂ ਵਿਚੋਂ ਵੱਡੀ ਗਿਣਤੀ ਵਿਚ ਭਾਜਪਾ ਵਰਕਰਾਂ ਨੇ ਉਕਤ ਆਗੂ ਦੀ ਹਿਮਾਇਤ ਕਰਦਿਆਂ ਖ਼ੂਬ ਤਾੜੀਆਂ ਵੀ ਮਾਰੀਆਂ ਜਿਸ ਤੋਂ ਸਾਫ਼ ਹੈ ਕਿ ਖੇਤੀ ਕਾਨੂੰਨਾਂ ਦਾ ‘ਸੇਕ’ ਪੰਜਾਬ ਭਾਜਪਾ ਨੂੰ ਵੱਡੇ ਪੱਧਰ ਉਤੇ ਲਗਿਆ ਹੈ ਅਤੇ ਪਹਿਲਾਂ ਹੀ ਅਕਾਲੀ ਦਲ ਦੇ ‘ਰਹਿਮੋ ਕਰਮ’ ਤੇ ਪੰਜਾਬ ਵਿਚ ਸੱਤਾ ਸੁਖ ਪ੍ਰਾਪਤ ਕਰਨ ਵਾਲੀ ਭਾਜਪਾ ਅਤੇ ਉਸ ਦੇ ਆਗੂਆਂ ਨੂੰ ਸੱਤਾ ਸੁਖ ਤਾਂ ਦੂਰ ਦੀ ਗੱਲ ਟਿਕਟਾਂ ਲਈ ਉਮੀਦਵਾਰਾਂ ਦਾ ‘ਤੋਟਾ’ ਪੈਣ ਦਾ ਡਰ ਤਾਂ ਸਤਾ ਹੀ ਰਿਹਾ ਹੈ ਨਾਲ ਹੀ ਪੰਜਾਬ ਵਾਸੀਆਂ ਦੇ ਰੋਹ ਕਿਵੇਂ ਸ਼ਾਂਤ ਕੀਤਾ ਜਾਵੇ ਇਹ ਵੀ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। 

ਪਾਰਟੀ ਦੇ ਅੰਦਰ ਜੇਕਰ ਅਜਿਹੀ ਗੱਲ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਵਿਚ ਪਾਰਟੀ ਹਾਈਕਮਾਨ ਵਲੋਂ ਆਏ ਆਗੂ ਇਹ ਗੱਲ ਹਾਈਕਮਾਨ ਰਾਹੀਂ ਕੇਂਦਰ ਸਰਕਾਰ ਤਕ ਕਿਵੇਂ ਪਹੁੰਚਾਉਂਦੇ ਹਨ ਅਤੇ ਕੀ ਇਸ ਮਸਲੇ ਦਾ ਹੱਲ ਕਰਵਾਉਣ ਵਿਚ ਸਫ਼ਲ ਹੁੰਦੇ ਹਨ ਜਾਂ ਨਹੀਂ? ਇੱਥੇ ਦਸਣਾ ਬਣਦਾ ਹੈ ਕਿ ਕੁੱਝ ਦਿਨਾਂ ਤੋਂ ਪੰਜਾਬ ਭਾਜਪਾ ਵਿਚ ਫੇਰਬਦਲ ਦੀਆਂ ਕਿਆਸ ਅਰਾਈਆਂ ਚੱਲ ਰਹੀਆਂ ਹਨ ਅਤੇ ਜਿਸ ਭਾਜਪਾ ਦੇ ਸਾਬਕਾ ਮੰਤਰੀ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਇਹ ਗੱਲ ਮੀਟਿੰਗ ਵਿਚ ਚੁੱਕੀ ਗਈ ਹੈ, ਇਸ ਆਗੂ ਦਾ ਨਾਮ ਵੀ ਕਿਸੇ ਵੱਡੀ ਜ਼ਿੰਮੇਦਾਰੀ ਲਈ ਚੱਲ ਰਿਹਾ ਹੈ, ਅਜਿਹਾ ਵੀ ਸਾਡੇ ਸੂਤਰਾਂ ਵਲੋਂ ਦਸਿਆ ਜਾ ਰਿਹਾ ਹੈ ਅਤੇ ਅਜਿਹੇ ਹਾਲਾਤ ਵਿਚ ਕੀ ਉਕਤ ਆਗੂ ਦੀਆਂ ਗੱਲਾਂ ਨੂੰ ‘ਤਵੱਜੋਂ’ ਦਿਤੀ ਜਾਵੇਗੀ ? ਇਹ ਇਕ ਵੱਡਾ ਸਵਾਲ ਵੀ ਜ਼ਰੂਰ ਹੈ।