ਹੁਣ ਮੰਦਰਾਂ ਵਿਚ ਗ਼ੈਰ ਹਿੰਦੂਆਂ ਦੇ ਦਾਖ਼ਲੇ ’ਤੇ ਹੋਵੇਗੀ ਪਾਬੰਦੀ, 150 ਮੰਦਰਾਂ ਦੇ ਬਾਹਰ ਲਗਾਏ ਬੈਨਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਦਰ ਵਿਚ ਮੁਸਲਮਾਨਾਂ ਦਾ ਵੀ ਸੀ ਵੱਡਾ ਸਹਿਯੋਗ

Dehradun temples

ਦੇਹਰਾਦੂਨ : ਉਤਰਾਖੰਡ ਵਿਚ ਮੰਦਰਾਂ ਦੇ ਬਾਹਰ ਲਗਾਏ ਗਏ ਬੈਨਰ ਹੁਣ ਚਰਚਾ ਦਾ ਵਿਸ਼ਾ ਬਣੇ ਹਨ। ਇਸ ਦੇ ਚਲਦੇ ਹੁਣ  ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚ 150 ਮੰਦਰਾਂ ਦੇ ਬਾਹਰ ਗ਼ੈਰ ਹਿੰਦੂਆਂ ਦੇ ਦਾਖ਼ਲੇ ’ਤੇ ਪਾਬੰਦੀ ਵਾਲੇ ਬੈਨਰ ਲਗਾਏ ਗਏ ਹਨ। ਦੱਸ ਦੇਈਏ ਇਹ ਬੈਨਰ ਹਿੰਦੂ ਯੁਵਾ ਵਾਹਿਨੀ ਨਾਂਅ ਦੇ ਸੰਗਠਨ ਵੱਲੋਂ ਲਗਾਏ ਗਏ ਸਨ। ਉਤਰਾਖੰਡ ਦੇ ਹੋਰ ਮੰਦਰਾਂ ਵਿੱਚ ਵੀ ਅਜਿਹੇ ਬੈਨਰ ਲਗਾਉਣ ਦੀ ਯੋਜਨਾ ਬਣ ਰਹੀ ਹੈ। ਹੁਣ ਤੱਕ ਦੇਹਰਾਦੂਨ ਦੇ ਚਕਰਾਤਾ ਰੋਡ ਅਤੇ ਪ੍ਰੇਮ ਨਗਰ ਦੇ ਮੰਦਰਾਂ ’ਚ ਬੈਨਰ ਲਗਾਏ ਗਏ ਹਨ। 

ਦੂਜੇ ਪਾਸੇ, ਕਾਂਗਰਸ ਨੇ ਇਨ੍ਹਾਂ ਪੋਸਟਰਾਂ ਨੂੰ ਸਿੱਧੇ ਤੌਰ ‘ਤੇ ਸਰਕਾਰ ਦੀ ਮੰਨੀ ਗਈ ਰਣਨੀਤੀ ਦੱਸਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਜੇ ਸਰਕਾਰ ਚਾਰ ਸਾਲਾਂ ਵਿਚ ਕੁਝ ਨਾ ਕਰ ਸਕੀ ਤਾਂ ਹੁਣ ਆਪਣੀਆਂ ਕਮੀਆਂ ਨੂੰ ਲੁਕਾਉਣ ਲਈ, ਕਦੇ ਰਾਮ ਜਾਂ ਕਈ ਵਾਰ ਸੰਸਕਾਰ ਵਿਚ ਜੀਨਸ ਜੋੜ ਕੇ ਲੋਕਾਂ ਦਾ ਧਿਆਨ ਮੋੜਨ ਦੀ ਕੋਸ਼ਿਸ਼ ਕਰ ਰਹੀ ਹੈ।  ਸਰਕਾਰ ਨੇ ਹੁਣ ਚੋਣਾਂ ਆਉਂਦੇ ਹੀ ਰਾਮ, ਹਿੰਦੂ-ਮੁਸਲਿਮ, ਭਾਰਤ-ਪਾਕਿਸਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਦੇ ਨਾਲ ਹੀ, ਹਿੰਦੂ ਯੁਵਾ ਵਾਹਨੀ ਦੇ ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਜੇ ਕੋਈ ਗੈਰ-ਹਿੰਦੂ ਮੰਦਰ ਵਿਚ ਦਾਖਲ ਹੁੰਦਾ ਹੈ ਤਾਂ ਉਸ ਨੂੰ ਕੁੱਟਿਆ ਜਾਵੇਗਾ। ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਅੱਗੇ ਯੁਵਾ ਵਾਹਿਨੀ ਜਨਰਲ ਸਕੱਤਰ ਦਾ ਕਹਿਣਾ ਹੈ ਕਿ ਇਹ ਬੈਨਰ ਯਤੀ ਨਰਸਿੰਮਾਨੰਦ ਦੇ ਸਮਰਥਨ ’ਚ ਲਗਾਏ ਜਾ ਰਹੇ ਹਨ। ਯਤੀ ਨਰਸਿੰਮਾਨੰਦ ਉਹ ਵਿਅਕਤੀ ਹੈ ਜਿਸ ਨੇ ਡਾਸਨਾ ਦੇ ਮੰਦਰ ਵਿਚ ਪਾਣੀ ਪੀਣ ਗਏ ਇਕ ਮੁਸਲਿਮ ਬੱਚੇ ਦੀ ਕੁੱਟਮਾਰ ਕੀਤੀ ਸੀ। 

ਹਿੰਦੂ ਯੁਵਾ ਵਾਹਿਨੀ ਦਾ ਕਹਿਣਾ ਹੈ ਕਿ ਇਹ ਮੰਦਰ ਸਨਾਤਨ ਧਰਮ ਦੇ ਲੋਕਾਂ ਲਈ ਵਿਸ਼ਵਾਸ ਅਤੇ ਸਤਿਕਾਰ ਦਾ ਸਥਾਨ ਹਨ, ਇੱਥੇ ਦੂਜੇ ਧਰਮਾਂ ਦੇ ਲੋਕਾਂ ਦਾ ਕੰਮ ਕੀ ਹੈ? ਇਹ ਧਰਮ ਦੀ ਰੱਖਿਆ ਲਈ ਕੀਤਾ ਜਾ ਰਿਹਾ ਹੈ। 

ਡਾਸਨਾ​ ਦੇ ਮੰਦਰ ਵਿਚ ਮੁਸਲਮਾਨਾਂ ਦਾ ਵੀ ਸੀ ਵੱਡਾ ਸਹਿਯੋਗ

"ਇਕ ਅਖ਼ਬਾਰ ਦੀ ਰਿਪੋਰਟ ਦੇ ਮੁਤਾਬਿਕ ਡਾਸਨਾ ਅਤੇ ਮਸੂਰੀ ਦੇ ਮੁਸਲਮਾਨਾਂ ਦਾ ਕਹਿਣਾ ਹੈ ਕਿ ਇਕ ਸਮੇਂ ਭਾਈਚਾਰਕ ਸਾਂਝ ਦਾ ਮਾਹੌਲ ਸੀ ਅਤੇ ਮੁਸਲਮਾਨਾਂ ਨੇ ਵੀ ਇਸ ਮੰਦਰ ਦੀ ਉਸਾਰੀ ਵਿਚ ਸਹਾਇਤਾ ਕੀਤੀ ਸੀ। ਇਥੋਂ ਦੇ ਮੁਸਲਮਾਨ ਕਹਿੰਦੇ ਹਨ ਕਿ 80 ਦੇ ਦਹਾਕੇ ਵਿਚ ਬਣੇ ਇਸ ਮੰਦਰ ਵਿਚ ਮੁਸਲਮਾਨਾਂ ਨੇ ਵੀ ਵੱਡਾ ਸਹਿਯੋਗ ਦਿੱਤਾ ਸੀ। 

ਇਸ ਦੇ ਨਾਲ ਹੀ ਮੰਦਰ ਵਿਚ ਇਕ ਅਖਾੜਾ ਹੁੰਦਾ ਸੀ ਜਿੱਥੇ ਹਿੰਦੂ ਅਤੇ ਮੁਸਲਿਮ ਬੱਚੇ ਪਹਿਲਵਾਨੀ ਕਰਦੇ ਸਨ ਉਸ ਵੇਲੇ ਇਹੋ ਜਿਹਾ ਭੇਦਭਾਵ ਨਹੀਂ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਯਤੀ ਨਰਸਿੰਮਾਨੰਦ ਸਰਸਵਤੀ ਮੰਦਰ ਦਾ ਮੁਖੀ ਬਣਿਆ ਤਾਂ ਉਸ ਤੋਂ ਬਾਅਦ ਸਾਰਾ ਮਾਹੌਲ ਬਦਲ ਗਿਆ। ਪਹਿਲਾਂ ਮੁਸਲਮਾਨਾਂ ਨੂੰ ਦੁਸਹਿਰੇ ਦੇ ਮੇਲੇ ਵਿਚ ਆਉਣ ਤੋਂ ਰੋਕਿਆ ਅਤੇ ਫਿਰ ਮੰਦਰ ਦੇ ਬਾਹਰ ਮੁਸਲਮਾਨਾਂ ਦੇ ਦਾਖਲੇ 'ਤੇ ਰੋਕ ਲਗਾਉਣ ਲਈ ਬੈਨਰ ਲਗਾ ਦਿੱਤੇ। "