ਇਕ ਘੰਟੇ ਤੱਕ ਹਵਾ ’ਚ ਚੱਕਰ ਲਾਉਂਦਾ ਰਿਹਾ ਜਹਾਜ਼, ਤਿੰਨ ਵਾਰ ਲੈਂਡਿੰਗ ਫ਼ੇਲ ਹੋਣ ਤੇ ਰੋਣ ਲੱਗੇ ਯਾਤਰੀ
ਦੇਰ ਸ਼ਾਮ ਜੈਸਲਮੇਰ ਦੇ ਰਨ ਵੇਅ ’ਤੇ ਸੁਰੱਖਿਅਤ ਲੈਂਡਿੰਗ ਕੀਤੀ ਗਈ।
ਨਵੀਂ ਦਿੱਲੀ: ਅਹਿਮਾਦਾਬਾਦ ਤੋਂ ਉੱਡ ਕੇ ਜੈਸਲਮੇਰ ਆਉਣ ਵਾਲੀ ਸਪਾਈਸਜੈੱਟ ਦੀ ਨਿਯਮਿਤ ਹਵਾਈ ਸੇਵਾ ਦੇ ਯਾਤਰੀਆਂ ਦੇ ਸਾਹ ਉਸ ਸਮੇਂ ਅਟਕ ਗਏ, ਜਦੋਂ ਸਪਾਈਸਜੈੱਟ ਦਾ ਜਹਾਜ਼ ਤਕਨੀਕੀ ਕਾਰਨਾਂ ਸਦਕਾ ਜੈਸਲਮੇਰ ਹਵਾਈ ਅੱਡੇ ਦੇ ਰਨ ਵੇਅ ’ਤੇ ਲੈਂਡਿੰਗ ਨਾ ਕਰ ਸਕਿਆ। ਪਾਇਲਟ ਦੇ ਤਿੰਨ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਲੈਂਡਿੰਗ ’ਚ ਅਸਫ਼ਲ ਰਹਿਣ ’ਤੇ ਕਰੀਬ 1 ਘੰਟੇ ਤਕ ਜਹਾਜ਼ ਦੇ ਹਵਾ ’ਚ ਰਹਿਣ ਕਾਰਨ ਯਾਤਰੀਆਂ ’ਚ ਘਬਰਾਹਟ ਫੈਲ ਗਈ।
ਕੁੱਝ ਯਾਤਰੀ ਰੋਣ ਲੱਗ ਗਏ। ਬਾਅਦ ’ਚ ਜਹਾਜ਼ ਨੂੰ ਵਾਪਸ ਅਹਿਮਾਦਾਬਾਦ ਲਿਜਾਇਆ ਗਿਆ ਜਿਥੇ ਸੁਰੱਖਿਅਤ ਲੈਂਡਿੰਗ ਕੀਤੀ ਗਈ। ਕਰੀਬ ਦੋ ਘੰਟੇ ਬਾਅਦ ਜਹਾਜ਼ ਨੂੰ ਦੂਜੇ ਪਾਇਲਟ ਰਾਹੀਂ ਜੈਸਲਮੇਰ ਭਿਜਵਾਇਆ ਗਿਆ। ਦੇਰ ਸ਼ਾਮ ਜੈਸਲਮੇਰ ਦੇ ਰਨ ਵੇਅ ’ਤੇ ਸੁਰੱਖਿਅਤ ਲੈਂਡਿੰਗ ਕੀਤੀ ਗਈ।
ਜਾਣਕਾਰੀ ਮੁਤਾਬਕ ਸਪਾਈਸਜੈੱਟ ਦੀ ਉਡਾਨ ਸੇਵਾ ਐੱਸਜੀ 3012 ਨੇ ਅਹਿਮਾਦਾਬਾਦ ਤੋਂ ਜੈਸਲਮੇਰ ਲਈ ਸ਼ਨਿਚਰਵਾਰ ਨੂੰ ਕਰੀਬ 12.05 ’ਤੇ ਉਡਾਨ ਭਰੀ ਸੀ। ਕਰੀਬ 1 ਵਜੇ ਇਹ ਜਹਾਜ਼ ਜੈਸਲਮੇਰ ਲਈ ਹਵਾਈ ਅੱਡੇ ਦੇ ਨੇੜੇ ਆਇਆ। ਪਾਇਲਟ ਵਲੋਂ ਜਹਾਜ਼ ਨੂੰ ਸੁਰੱਖਿਅਤ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਾ ਹੋ ਸਕਿਆ। ਕਰੀਬ ਦੋ ਵਜੇ ਪਾਇਲਟ ਜਹਾਜ਼ ਨੂੰ ਵਾਪਸ ਅਹਿਮਦਾਬਾਦ ਲੈ ਗਿਆ। ਉੱਥੇ 2.40 ’ਤੇ ਸੁਰੱਖਿਅਤ ਲੈਡਿੰਗ ਕਰਵਾਈ ਗਈ।