2024 ਤੱਕ ਅਮਰੀਕਾ ਵਰਗੀਆਂ ਬਣ ਜਾਣਗੀਆਂ ਭਾਰਤ ਦੀਆਂ ਸੜਕਾਂ - ਨਿਤਿਨ ਗਡਕਰੀ
ਕਿਹਾ, ਸੜਕੀ ਬੁਨਿਆਦੀ ਢਾਂਚੇ ਦਾ ਵਿਕਾਸ ਦੇਸ਼ ਦੀ ਖੁਸ਼ਹਾਲੀ ਲਈ ਰਾਹ ਪੱਧਰਾ ਕਰੇਗਾ
ਹਰ ਵਾਹਨ ਵਿੱਚ ਛੇ ਏਅਰਬੈਗ ਹੋਣੇ ਲਾਜ਼ਮੀ ਹਨ - ਗਡਕਰੀ
ਨਵੀਂ ਦਿੱਲੀ : ਕੇਂਦਰੀ ਆਵਾਜਾਈ ਅਤੇ ਸੜਕ ਮੰਤਰੀ ਨਿਤਿਨ ਗਡਕਰੀ ਨੇ ਅੱਜ ਲੋਕ ਸਭਾ ਵਿੱਚ ਕਿਹਾ ਕਿ ਦਸੰਬਰ 2024 ਤੱਕ ਭਾਰਤ ਦੀਆਂ ਸੜਕਾਂ ਅਮਰੀਕਾ ਦੀਆਂ ਬਣ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਨੂੰ ਖੁਸ਼ਹਾਲ ਬਣਾਉਣ ਲਈ ਮੈਂ ਇਹ ਯਕੀਨੀ ਬਣਾਉਂਦਾ ਹਾਂ ਕਿ ਦਸੰਬਰ 2024 ਤੋਂ ਪਹਿਲਾਂ ਭਾਰਤ ਦਾ ਸੜਕੀ ਢਾਂਚਾ ਅਮਰੀਕਾ ਵਰਗਾ ਹੋਵੇਗਾ।
ਕੇਂਦਰੀ ਟਰਾਂਸਪੋਰਟ ਮੰਤਰੀ ਨੇ ਅੱਗੇ ਸੜਕੀ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਕਈ ਹੋਰ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ, ਜੋ ਦੋ ਘੰਟੇ 'ਚ ਦਿੱਲੀ ਤੋਂ ਜੈਪੁਰ, ਹਰਿਦੁਆਰ ਅਤੇ ਦੇਹਰਾਦੂਨ ਦਾ ਸਫ਼ਰ ਕਰਨ ਵਿਚ ਸਹਾਈ ਸਾਬਤ ਹੋਣਗੇ। ਗਡਕਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਦਿੱਲੀ ਤੋਂ ਅੰਮ੍ਰਿਤਸਰ 4 ਘੰਟੇ ਵਿੱਚ, ਚੇਨਈ ਤੋਂ ਬੈਂਗਲੁਰੂ ਦੋ ਘੰਟੇ ਵਿੱਚ ਅਤੇ ਦਿੱਲੀ ਤੋਂ ਮੁੰਬਈ 12 ਘੰਟੇ ਵਿੱਚ ਪਹੁੰਚਣ ਦੇ ਟੀਚੇ ਵਾਲੇ ਪ੍ਰੋਜੈਕਟਾਂ ਨੂੰ ਇਸ ਸਾਲ ਦੇ ਅੰਤ ਤੱਕ ਪੂਰਾ ਕਰਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਸਾਡੀ ਕੋਸ਼ਿਸ਼ ਹੈ ਕਿ ਉਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਵੇ, ਜੋ 20 ਘੰਟਿਆਂ ਵਿੱਚ ਸ਼੍ਰੀਨਗਰ ਤੋਂ ਮੁੰਬਈ ਪਹੁੰਚ ਸਕਣ।
ਉਨ੍ਹਾਂ ਕਿਹਾ ਕਿ ਸਾਡੀਆਂ ਸੜਕਾਂ ਦੇਸ਼ ਦੀ ਖੁਸ਼ਹਾਲੀ ਨਾਲ ਜੁੜੀਆਂ ਹੋਈਆਂ ਹਨ ਅਤੇ ਸੜਕੀ ਬੁਨਿਆਦੀ ਢਾਂਚੇ ਦਾ ਵਿਕਾਸ ਦੇਸ਼ ਦੀ ਖੁਸ਼ਹਾਲੀ ਲਈ ਰਾਹ ਪੱਧਰਾ ਕਰੇਗਾ। ਗਡਕਰੀ ਨੇ ਕਿਹਾ ਕਿ ਆਤਮਨਿਰਭਰ ਅਤੇ ਖੁਸ਼ਹਾਲ ਭਾਰਤ ਬਣਾਉਣਾ ਮੋਦੀ ਸਰਕਾਰ ਦਾ ਸੰਕਲਪ ਹੈ ਅਤੇ ਅਸੀਂ ਇਸ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ। "2024 ਤੱਕ, ਭਾਰਤ ਦਾ ਸੜਕੀ ਬੁਨਿਆਦੀ ਢਾਂਚਾ ਅਮਰੀਕਾ ਦੇ ਬਰਾਬਰ ਹੋਵੇਗਾ, ਜਿਸ ਨਾਲ ਵਿਕਾਸ ਅਤੇ ਆਰਥਿਕ ਵਿਕਾਸ ਹੋਵੇਗਾ ਅਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।"
ਗਡਕਰੀ ਨੇ ਕਿਹਾ ਕਿ ਸਫਰ ਦਾ ਸਮਾਂ ਘੱਟ ਹੋਣ ਨਾਲ ਪੈਟਰੋਲ ਦੀ ਬੱਚਤ ਹੁੰਦੀ ਹੈ ਅਤੇ ਪ੍ਰਦੂਸ਼ਣ ਵੀ ਘੱਟ ਹੁੰਦਾ ਹੈ। ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਨਿਰਯਾਤ ਨੂੰ ਵਧਾਉਣਾ ਹੋਵੇਗਾ ਅਤੇ ਇਸ ਦੇ ਲਈ ਅੰਤਰਰਾਸ਼ਟਰੀ ਬਾਜ਼ਾਰ 'ਚ ਪ੍ਰਤੀਯੋਗੀ ਬਣਾਉਣਾ ਹੋਵੇਗਾ ਅਤੇ ਲੌਜਿਸਟਿਕ ਲਾਗਤ ਨੂੰ ਘੱਟ ਕਰਨਾ ਹੋਵੇਗਾ। ਲਾਗਤ ਘੱਟ ਹੋਵੇਗੀ ਅਤੇ ਬਾਲਣ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੇ 22 ਗ੍ਰੀਨ ਐਕਸਪ੍ਰੈਸ ਹਾਈਵੇਅ ਬਣਾਏ ਜਾ ਰਹੇ ਹਨ।
ਗਡਕਰੀ ਨੇ ਕਿਹਾ ਕਿ ਸਾਨੂੰ ਪੈਸੇ ਚਾਹੀਦੇ ਹਨ ਪਰ ਲੋਕਾਂ ਨੂੰ ਪਰੇਸ਼ਾਨ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਹ ਲਾਜ਼ਮੀ ਕਰ ਦਿੱਤਾ ਹੈ ਕਿ 8 ਯਾਤਰੀਆਂ ਨੂੰ ਲਿਜਾਣ ਵਾਲੀ ਹਰ ਕਾਰ 'ਚ 6 ਏਅਰਬੈਗ ਹੋਣੇ ਚਾਹੀਦੇ ਹਨ। ਦੇਸ਼ ਵਿੱਚ ਹਰ ਸਾਲ ਸੜਕ ਹਾਦਸਿਆਂ ਵਿੱਚ ਡੇਢ ਲੱਖ ਲੋਕਾਂ ਦੀ ਮੌਤ ਦਾ ਜ਼ਿਕਰ ਕਰਦਿਆਂ ਸੜਕੀ ਆਵਾਜਾਈ ਮੰਤਰੀ ਨੇ ਕਿਹਾ ਕਿ ਲੋਕ ਮਰਦੇ ਰਹਿੰਦੇ ਹਨ ਅਤੇ ਅਸੀਂ ਦੇਖਦੇ ਰਹਿੰਦੇ ਹਾਂ… ਅਜਿਹਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਦੇ ਸੁਝਾਵਾਂ ਤੋਂ ਬਾਅਦ ਸਥਾਨਕ ਲੋਕਾਂ ਦੇ ਇਲਾਕੇ 'ਚ ਟੋਲ ਵਸੂਲਣ ਲਈ ਆਧਾਰ ਕਾਰਡ ਦੇ ਆਧਾਰ 'ਤੇ ਪਾਸ ਬਣਾਇਆ ਜਾਵੇਗਾ। ਤਿੰਨ ਮਹੀਨਿਆਂ ਦੇ ਅੰਦਰ ਇਹ ਯਕੀਨੀ ਬਣਾਇਆ ਜਾਵੇਗਾ ਕਿ 60 ਕਿਲੋਮੀਟਰ ਦੇ ਅੰਦਰ ਸਿਰਫ਼ ਇੱਕ ਟੋਲ ਨਾਕਾ ਹੋਵੇ। ਬਾਕੀ ਬੰਦ ਹੋ ਜਾਣਗੇ।
ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਦੁਨੀਆ ਦੇ 11 ਫ਼ੀਸਦੀ ਸੜਕ ਹਾਦਸੇ ਸਾਡੇ ਦੇਸ਼ ਵਿੱਚ ਹੁੰਦੇ ਹਨ। ਦੇਸ਼ ਵਿੱਚ ਹਰ ਸਾਲ ਪੰਜ ਲੱਖ ਸੜਕ ਹਾਦਸਿਆਂ ਵਿੱਚ ਡੇਢ ਲੱਖ ਲੋਕ ਮਾਰੇ ਜਾਂਦੇ ਹਨ ਅਤੇ ਇਸ ਨਾਲ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 3 ਫ਼ੀਸਦੀ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ, 'ਜਿੰਨੇ ਲੋਕ ਸੜਕ ਹਾਦਸਿਆਂ 'ਚ ਮਰਦੇ ਹਨ, ਉਨੇ ਲੋਕ ਲੜਾਈ ਜਾਂ ਕੋਰੋਨਾ ਮਹਾਮਾਰੀ 'ਚ ਨਹੀਂ ਮਰਦੇ।
ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਵਿੱਚ 65 ਫ਼ੀਸਦੀ 18 ਤੋਂ 45 ਸਾਲ ਦੀ ਉਮਰ ਦੇ ਲੋਕ ਹਨ। ਗਡਕਰੀ ਨੇ ਕਿਹਾ ਕਿ ਲੋਕਾਂ ਅਤੇ ਨੁਮਾਇੰਦਿਆਂ ਦੇ ਸਹਿਯੋਗ ਤੋਂ ਬਿਨ੍ਹਾ ਸੁਧਾਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਸਬੰਧੀ ਕਾਨੂੰਨ ਵਿੱਚ ਸੋਧ ਕੀਤੀ ਗਈ ਹੈ, ਜੁਰਮਾਨੇ ਵੀ ਵਧਾਏ ਗਏ ਹਨ ਪਰ ਸਾਰਿਆਂ ਦੇ ਸਹਿਯੋਗ ਨਾਲ ਹੀ ਸੁਧਾਰ ਹੋਵੇਗਾ।