PM ਮੋਦੀ ਖਿਲਾਫ਼ ਪੋਸਟਰ ਲਗਾਉਣ 'ਤੇ 100 FIR ਦਰਜ, ਆਮ ਆਦਮੀ ਪਾਰਟੀ ਦੇ ਦਫਤਰ ਤੋਂ ਨਿਕਲੀ ਵੈਨ 'ਚ ਵੀ ਮਿਲੇ ਪੋਸਟਰ

ਏਜੰਸੀ

ਖ਼ਬਰਾਂ, ਰਾਸ਼ਟਰੀ

6 ਗ੍ਰਿਫ਼ਤਾਰ, ਇਧਰ, ਆਮ ਆਦਮੀ ਪਾਰਟੀ ਨੇ ਪੁਲਿਸ ਦੀ ਕਾਰਵਾਈ ਨੂੰ ਤਾਨਾਸ਼ਾਹੀ ਕਰਾਰ ਦਿੱਤਾ 

Narendra Modi

ਨਵੀਂ ਦਿੱਲੀ - ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਪੋਸਟਰ ਲਾਉਣ ਦੇ ਮਾਮਲੇ ਵਿਚ ਪੁਲਿਸ ਨੇ 100 ਐਫਆਈਆਰ ਦਰਜ ਕੀਤੀਆਂ ਹਨ। ਸਾਰੇ ਮਾਮਲੇ ਪ੍ਰਿੰਟਿੰਗ ਪ੍ਰੈਸ ਐਕਟ ਅਤੇ ਪ੍ਰਾਪਰਟੀ ਐਕਟ ਦੇ ਤਹਿਤ ਦਰਜ ਕੀਤੇ ਗਏ ਹਨ। ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਤੋਂ ਨਿਕਲਣ ਵਾਲੀ ਵੈਨ ਵਿਚੋਂ ਪੋਸਟਰ ਵੀ ਜ਼ਬਤ ਕੀਤੇ ਗਏ। ਇਸ ਮਾਮਲੇ 'ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਪੁਲਿਸ ਮੁਤਾਬਕ ਦਿੱਲੀ ਦੇ ਕੁਝ ਹਿੱਸਿਆਂ 'ਚ 'ਮੋਦੀ ਹਟਾਓ ਦੇਸ਼ ਬਚਾਓ' ਦੇ ਨਾਅਰੇ ਵਾਲੇ ਪੋਸਟਰ ਲਗਾਏ ਗਏ ਸਨ। ਇਨ੍ਹਾਂ ਪੋਸਟਰਾਂ ਵਿਚ ਪ੍ਰਿੰਟਿੰਗ ਪ੍ਰੈਸ ਦਾ ਵੇਰਵਾ ਨਹੀਂ ਸੀ। ਆਈਪੀ ਸਟੇਟ ਪੁਲਿਸ ਸਟੇਸ਼ਨ ਦੇ ਇੱਕ ਕਾਂਸਟੇਬਲ ਨੇ ਪੱਪੂ ਮਹਿਤਾ ਨਾਮ ਦੇ ਇੱਕ ਵਿਅਕਤੀ ਨੂੰ ਪੋਸਟਰ ਲਗਾਉਂਦੇ ਹੋਏ ਫੜਿਆ। ਪੱਪੂ ਕੋਲ ਪੋਸਟਰਾਂ ਦੇ 38 ਬੰਡਲ ਮਿਲੇ ਹਨ।

ਇਧਰ, ਆਮ ਆਦਮੀ ਪਾਰਟੀ ਨੇ ਪੁਲਿਸ ਦੀ ਕਾਰਵਾਈ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਹੈ। ਪਾਰਟੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ- ਮੋਦੀ ਸਰਕਾਰ ਦੀ ਤਾਨਾਸ਼ਾਹੀ ਆਪਣੇ ਸਿਖਰ 'ਤੇ ਹੈ। ਪੋਸਟਰ 'ਚ ਇੰਨਾ ਇਤਰਾਜ਼ਯੋਗ ਕੀ ਹੈ ਕਿ ਮੋਦੀ ਜੀ ਨੇ 100 ਮਾਮਲੇ ਦਰਜ ਕਰਵਾ ਦਿੱਤੇ, ਤੁਸੀਂ ਸ਼ਾਇਦ ਪੀਐਮ ਮੋਦੀ ਨੂੰ ਨਹੀਂ ਜਾਣਦੇ ਹੋ, ਪਰ ਭਾਰਤ ਇੱਕ ਲੋਕਤੰਤਰੀ ਦੇਸ਼ ਹੈ, ਪੋਸਟਰ ਤੋਂ ਇੰਨਾ ਡਰ ਕਿਉਂ?

ਪੋਸਟਰ ਨੂੰ ਲੈ ਕੇ ਆਮ ਆਦਮੀ ਪਾਰਟੀ ਵੀਰਵਾਰ ਨੂੰ ਰੋਸ ਪ੍ਰਦਰਸ਼ਨ ਕਰੇਗੀ। ਦਿੱਲੀ ਦੇ ਜੰਤਰ-ਮੰਤਰ 'ਤੇ ਹੋਣ ਵਾਲੇ ਇਸ ਪ੍ਰਦਰਸ਼ਨ 'ਚ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਿਰਕਤ ਕਰਨਗੇ। ਇਕ ਨਿਊਜ਼ ਏਜੰਸੀ ਮੁਤਾਬਕ ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ ਦੀਪੇਂਦਰ ਪਾਠਕ ਨੇ ਕਿਹਾ, 'ਦੋ ਪ੍ਰਿੰਟਿੰਗ ਪ੍ਰੈਸ ਫਰਮਾਂ ਨੂੰ 50,000 ਅਜਿਹੇ ਪੋਸਟਰ ਬਣਾਉਣ ਦਾ ਆਰਡਰ ਮਿਲਿਆ ਸੀ। ਕੰਪਨੀਆਂ ਨਾਲ ਜੁੜੇ ਕਰਮਚਾਰੀਆਂ ਨੇ ਐਤਵਾਰ ਦੇਰ ਰਾਤ ਤੋਂ ਸੋਮਵਾਰ ਸਵੇਰ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਅਜਿਹੇ ਕਈ ਪੋਸਟਰ ਲਗਾਏ।

ਪੁਲਿਸ ਨੇ ਪ੍ਰਿੰਟਿੰਗ ਪ੍ਰੈਸ ਦਾ ਨਾਂ ਨਾ ਛਾਪਣ ਦੇ ਦੋਸ਼ ਹੇਠ ਮਾਲਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਪੋਸਟਰ ਛਾਪਣ ਦਾ ਆਦੇਸ਼ 17 ਮਾਰਚ ਨੂੰ ਮਿਲਿਆ ਸੀ। ਉਸ ਤੋਂ ਬਾਅਦ ਇਹ ਪੋਸਟਰ 19 ਮਾਰਚ ਦੀ ਰਾਤ ਨੂੰ ਚਿਪਕਾਉਣ ਲਈ ਵੱਖ-ਵੱਖ ਲੋਕਾਂ ਨੂੰ ਦਿੱਤੇ ਗਏ। ਪੋਸਟਰ ਚਿਪਕਾਉਣ ਦਾ ਕੰਮ 20 ਮਾਰਚ ਦੀ ਸਵੇਰ ਤੱਕ ਚੱਲਿਆ।

ਖਬਰਾਂ ਮੁਤਾਬਕ ਦੋ ਸਾਲ ਪਹਿਲਾਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਜਦੋਂ ਦਿੱਲੀ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਦੌਰਾਨ ਮੋਦੀ ਦੀ ਆਲੋਚਨਾ ਕਰਨ ਵਾਲੇ ਪੋਸਟਰ ਲਗਾਏ ਗਏ ਸਨ। ਫਿਰ ਦਿੱਲੀ ਪੁਲਿਸ ਨੇ 30 ਲੋਕਾਂ ਨੂੰ ਗ੍ਰਿਫਤਾਰ ਕੀਤਾ। ਜਦਕਿ 25 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ। ਦਿੱਲੀ ਐਮਸੀਡੀ ਦੀ ਸਥਾਈ ਕਮੇਟੀ ਦੀ ਚੋਣ ਦੌਰਾਨ ਸਦਨ ਵਿਚ ਹੰਗਾਮਾ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ MCD ਦੀ ਸਥਾਈ ਕਮੇਟੀ ਦੀ ਮੁੜ ਚੋਣ ਕਰਨ ਦੇ ਮੇਅਰ ਦੇ ਹੁਕਮਾਂ 'ਤੇ ਰੋਕ ਲਾ ਦਿੱਤੀ। ਦੂਜੇ ਪਾਸੇ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਸੋਸ਼ਲ ਮੀਡੀਆ 'ਤੇ ਪੋਸਟਰ ਵਾਰ ਸ਼ੁਰੂ ਹੋ ਗਈ।