ਇਸ ਅਫ਼ਰੀਕੀ ਦੇਸ਼ ਵਿਚ ਬਣਿਆ LGBTQ ਵਿਰੋਧੀ ਕਾਨੂੰਨ, ਸਮਲਿੰਗੀ ਸਬੰਧ ਬਣਾਉਣ 'ਤੇ ਮੌਤ ਦੀ ਸਜ਼ਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦੱਸ ਦਈਏ ਕਿ 30 ਤੋਂ ਜ਼ਿਆਦਾ ਅਫਰੀਕੀ ਦੇਸ਼ਾਂ, ਜਿਨ੍ਹਾਂ 'ਚ ਯੂਗਾਂਡਾ ਵੀ ਸ਼ਾਮਲ ਹੈ, 'ਚ ਸਮਲਿੰਗਤਾ 'ਤੇ ਪਾਬੰਦੀ ਹੈ।

Uganda Parliament

ਅਫ਼ਰੀਕਾ - ਅਫਰੀਕੀ ਦੇਸ਼ ਯੁਗਾਂਡਾ ਦੀ ਸੰਸਦ ਨੇ ਮੰਗਲਵਾਰ ਨੂੰ ਇਕ ਬਿੱਲ ਪਾਸ ਕੀਤਾ, ਜਿਸ ਦੇ ਤਹਿਤ ਸਮਲਿੰਗੀ ਪਛਾਣ ਜ਼ਾਹਰ ਕਰਨ ਨੂੰ ਅਪਰਾਧ ਕਰਾਰ ਦਿੱਤਾ ਗਿਆ ਹੈ। ਇਸ ਬਿੱਲ ਵਿਚ ਗੰਭੀਰ ਸਮਲਿੰਗੀ ਸਬੰਧਾਂ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਦੱਸ ਦਈਏ ਕਿ 30 ਤੋਂ ਜ਼ਿਆਦਾ ਅਫਰੀਕੀ ਦੇਸ਼ਾਂ, ਜਿਨ੍ਹਾਂ 'ਚ ਯੂਗਾਂਡਾ ਵੀ ਸ਼ਾਮਲ ਹੈ, 'ਚ ਸਮਲਿੰਗਤਾ 'ਤੇ ਪਾਬੰਦੀ ਹੈ।

ਯੁਗਾਂਡਾ ਦੇ ਨਵੇਂ ਬਿੱਲ ਦੇ ਤਹਿਤ ਸਮਲਿੰਗਤਾ ਨੂੰ ਅਪਰਾਧ ਘੋਸ਼ਿਤ ਕੀਤਾ ਗਿਆ ਹੈ। ਇਸ ਬਿੱਲ ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਨ 'ਤੇ ਉਮਰ ਕੈਦ ਅਤੇ ਮੌਤ ਦੀ ਸਜ਼ਾ ਤੈਅ ਕੀਤੀ ਗਈ ਹੈ। ਜਿਹੜੇ ਲੋਕ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨਾਲ ਸਮਲਿੰਗੀ ਸਬੰਧ ਰੱਖਣ ਜਾਂ ਐੱਚਆਈਵੀ ਸੰਕਰਮਿਤ ਹੋਣ ਦੇ ਬਾਵਜੂਦ ਸਮਲਿੰਗੀ ਸਬੰਧ ਰੱਖਣ ਦੇ ਦੋਸ਼ੀ ਪਾਏ ਜਾਂਦੇ ਹਨ, ਤਾਂ ਇਸ ਬਿੱਲ ਵਿੱਚ ਅਜਿਹੇ ਲੋਕਾਂ ਨੂੰ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਸਮਲਿੰਗੀ ਵਿਆਹ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ। 

ਯੁਗਾਂਡਾ ਦੀ ਸੰਸਦ ਤੋਂ ਪਾਸ ਹੋਣ ਤੋਂ ਬਾਅਦ, ਬਿੱਲ ਨੂੰ ਹੁਣ ਮਨਜ਼ੂਰੀ ਲਈ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨੂੰ ਭੇਜਿਆ ਜਾਵੇਗਾ। ਦੱਸ ਦਈਏ ਕਿ ਰਾਸ਼ਟਰਪਤੀ ਮੁਸੇਵੇਨੀ ਵੀ ਸਮਲਿੰਗੀ ਸਬੰਧਾਂ ਦੇ ਖਿਲਾਫ਼ ਰਹੇ ਹਨ। ਸਾਲ 2013 ਵਿਚ ਵੀ ਯੂਗਾਂਡਾ ਵਿੱਚ ਸਮਲਿੰਗੀ ਸਬੰਧਾਂ ਖ਼ਿਲਾਫ਼ ਕਾਨੂੰਨ ਬਣਾਇਆ ਗਿਆ ਸੀ। ਹਾਲਾਂਕਿ, ਪੱਛਮੀ ਦੇਸ਼ਾਂ ਦੇ ਵਿਰੋਧ ਅਤੇ ਸਥਾਨਕ ਅਦਾਲਤ ਦੁਆਰਾ ਇਸ 'ਤੇ ਰੋਕ ਲਗਾਉਣ ਤੋਂ ਬਾਅਦ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ।

ਯੁਗਾਂਡਾ 'ਚ ਸਮਲਿੰਗੀ ਸਬੰਧਾਂ ਖਿਲਾਫ਼ ਲਿਆਂਦੇ ਗਏ ਬਿੱਲ 'ਤੇ ਲੋਕਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ। ਪੂਰਬੀ ਅਫ਼ਰੀਕੀ ਦੇਸ਼ਾਂ ਨੂੰ ਰੂੜੀਵਾਦੀ ਅਤੇ ਧਾਰਮਿਕ ਤੌਰ 'ਤੇ ਕੱਟੜ ਮੰਨਿਆ ਜਾਂਦਾ ਹੈ। ਸੰਸਦ ਮੈਂਬਰ ਡੇਵਿਡ ਬਾਹਤੀ ਨੇ ਕਿਹਾ ਕਿ ਜੇਕਰ ਇਹ ਬਿੱਲ ਕਾਨੂੰਨ ਬਣ ਜਾਂਦਾ ਹੈ ਤਾਂ ਰੱਬ ਖੁਸ਼ ਹੋਵੇਗਾ ਅਤੇ ਸਾਡੇ ਦੇਸ਼ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡੇ ਦੇਸ਼ ਦੀ ਪ੍ਰਭੂਸੱਤਾ ਨਾਲ ਸਬੰਧਤ ਹੈ।