ਸਿੰਦੂਰ ਲਗਾਉਣਾ ਪਤਨੀ ਦਾ ‘ਧਾਰਮਕ ਫਰਜ਼’ ਹੈ : ਫੈਮਿਲੀ ਕੋਰਟ
ਚੀਫ ਜਸਟਿਸ ਐਨ.ਪੀ. ਸਿੰਘ ਨੇ 37 ਸਾਲ ਦੀ ਔਰਤ ਨੂੰ ਤੁਰਤ ਅਪਣੇ ਪਤੀ ਕੋਲ ਵਾਪਸ ਜਾਣ ਦਾ ਹੁਕਮ
ਇੰਦੌਰ : ਇੰਦੌਰ ਦੀ ਇਕ ਫੈਮਿਲੀ ਕੋਰਟ ਨੇ ਇਕ ਹਿੰਦੂ ਜੋੜੇ ਦੇ ਮਾਮਲੇ ’ਚ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਮਾਂਗ ’ਚ ਸਿੰਦੂਰ ਲਗਾਉਣਾ ਪਤਨੀ ਦਾ ਧਾਰਮਕ ਫਰਜ਼ ਹੈ ਅਤੇ ਇਹ ਦਰਸਾਉਂਦਾ ਹੈ ਕਿ ਔਰਤ ਵਿਆਹੀ ਹੋਈ ਹੈ।
ਫੈਮਿਲੀ ਕੋਰਟ ਦੇ ਚੀਫ ਜਸਟਿਸ ਐਨ.ਪੀ. ਸਿੰਘ ਨੇ 37 ਸਾਲ ਦੀ ਔਰਤ ਨੂੰ ਤੁਰਤ ਅਪਣੇ ਪਤੀ ਕੋਲ ਵਾਪਸ ਜਾਣ ਦਾ ਹੁਕਮ ਦਿੰਦੇ ਹੋਏ ਇਹ ਟਿਪਣੀ ਕੀਤੀ। ਔਰਤ ਲਗਭਗ ਪੰਜ ਸਾਲਾਂ ਤੋਂ ਅਪਣੇ ਪਤੀ ਤੋਂ ਵੱਖ ਰਹਿ ਰਹੀ ਸੀ ਅਤੇ ਉਸ ਦੇ ਪਤੀ ਨੇ ਵਿਆਹੁਤਾ ਜੀਵਨ ਦੀ ਬਹਾਲੀ ਲਈ ਹਿੰਦੂ ਮੈਰਿਜ ਐਕਟ ਤਹਿਤ ਇਸ ਅਦਾਲਤ ’ਚ ਅਰਜ਼ੀ ਦਾਇਰ ਕੀਤੀ ਸੀ।
ਫੈਮਿਲੀ ਕੋਰਟ ਨੇ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ 1 ਮਾਰਚ ਨੂੰ ਦਿਤੇ ਹੁਕਮ ’ਚ ਕਿਹਾ, ‘‘ਜਦੋਂ ਅਦਾਲਤ ’ਚ ਰਾਖੀ (ਬਦਲਿਆ ਹੋਇਆ ਨਾਮ) ਦਾ ਬਿਆਨ ਦਿਤਾ ਗਿਆ ਤਾਂ ਰਾਖੀ ਨੇ ਮੰਨਿਆ ਕਿ ਉਸ ਨੇ ਮਾਂਗ ’ਚ ਸਿੰਦੂਰ ਨਹੀਂ ਪਹਿਨਿਆ ਸੀ। ਸਿੰਦੂਰ ਪਤਨੀ ਦਾ ਧਾਰਮਕ ਫਰਜ਼ ਹੈ ਅਤੇ ਇਸ ਤੋਂ ਇਹ ਦਰਸਾਉਂਦਾ ਹੈ ਕਿ ਔਰਤ ਵਿਆਹੀ ਹੋਈ ਹੈ।’’
ਅਦਾਲਤ ਨੇ ਕਿਹਾ ਕਿ ਉੱਤਰਦਾਤਾ ਔਰਤ ਦੇ ਪੂਰੇ ਬਿਆਨ ਨੂੰ ਵੇਖਣ ਤੋਂ ਇਹ ਸਪੱਸ਼ਟ ਹੈ ਕਿ ਉਸ ਨੂੰ ਉਸ ਦੇ ਪਤੀ ਨੇ ਨਹੀਂ ਛਡਿਆ ਹੈ, ਬਲਕਿ ਉਸ ਨੇ ਅਪਣੀ ਮਰਜ਼ੀ ਨਾਲ ਅਪਣੇ ਪਤੀ ਤੋਂ ਵੱਖ ਹੋ ਗਿਆ ਹੈ ਅਤੇ ਉਹ ਉਸ ਤੋਂ ਤਲਾਕ ਚਾਹੁੰਦੀ ਹੈ।
ਫੈਮਿਲੀ ਕੋਰਟ ਨੇ ਕਿਹਾ, ‘‘... ਉਸ (ਔਰਤ) ਨੇ ਅਪਣੇ ਪਤੀ ਨੂੰ ਛੱਡ ਦਿਤਾ ਹੈ। ਉਹ ਖੁਦ ਸਿੰਦੂਰ ਨਹੀਂ ਲਗਾ ਰਹੀ ਹੈ।’’ ਔਰਤ ਨੇ ਅਪਣੇ ਪਤੀ ਦੀ ਅਪੀਲ ਦੇ ਜਵਾਬ ’ਚ ਅਪਣੇ ਪਤੀ ’ਤੇ ਦਾਜ ਲਈ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਦਾ ਦੋਸ਼ ਲਾਇਆ।
ਹਾਲਾਂਕਿ, ਪਰਵਾਰਕ ਅਦਾਲਤ ਨੇ ਤੱਥਾਂ ਦਾ ਅਧਿਐਨ ਕਰਨ ਤੋਂ ਬਾਅਦ ਕਿਹਾ ਕਿ ਔਰਤ ਨੇ ਅਦਾਲਤ ’ਚ ਅਪਣੇ ਦੋਸ਼ਾਂ ਬਾਰੇ ਕੋਈ ਪੁਲਿਸ ਸ਼ਿਕਾਇਤ ਜਾਂ ਰੀਪੋਰਟ ਪੇਸ਼ ਨਹੀਂ ਕੀਤੀ ਹੈ।
ਅਪਣੀ ਪਤਨੀ ਨਾਲ ਵਿਆਹੁਤਾ ਜੀਵਨ ਬਹਾਲ ਕਰਨ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਲੇ ਵਿਅਕਤੀ ਦੇ ਵਕੀਲ ਸ਼ੁਭਮ ਸ਼ਰਮਾ ਨੇ ਕਿਹਾ ਕਿ ਉਸ ਦੇ ਮੁਵੱਕਿਲ ਦਾ ਵਿਆਹ 2017 ਵਿਚ ਉੱਤਰਦਾਤਾ ਔਰਤ ਨਾਲ ਹੋਇਆ ਸੀ ਅਤੇ ਜੋੜੇ ਦਾ ਇਕ ਪੰਜ ਸਾਲ ਦਾ ਬੇਟਾ ਹੈ।