ਈ-ਕਾਮਰਸ ਮੰਚਾਂ ’ਤੇ ਆਮ ਚੋਣਾਂ ਦਾ ਬੋਲਬਾਲਾ, ਆਨਲਾਈਨ ਧੁੰਮ ਪਾ ਰਿਹਾ ਸਿਆਸੀ ਪਾਰਟੀਆਂ ਦਾ ਸਾਮਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁੱਝ ਸਿਆਸੀ ਪਾਰਟੀਆਂ ਖੁਦ ਅਪਣੀਆਂ ਵੈੱਬਸਾਈਟਾਂ ’ਤੇ ਅਜਿਹੀਆਂ ਚੀਜ਼ਾਂ ਵੇਚਣ ਲਈ ਸਰਗਰਮ

E Commerce

ਨਵੀਂ ਦਿੱਲੀ: ਭਾਰਤ ’ਚ ਆਮ ਚੋਣਾਂ ਨੇੜੇ ਆਉਂਦਿਆਂ ਹੀ ਈ-ਕਾਮਰਸ ਸੈਕਟਰ ’ਚ ਵੀ ਸਿਆਸੀ ਉਤਸ਼ਾਹ ਫੈਲ ਗਿਆ ਹੈ। ਈ-ਕਾਮਰਸ ਮੰਚ ’ਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਚੀਜ਼ਾਂ ਸੱਭ ਤੋਂ ਵੱਧ ਵੇਖੀਆਂ ਜਾ ਰਹੀਆਂ ਹਨ। ਇਹ ਆਨਲਾਈਨ ਮੰਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ‘ਕਮਲ’ ਤੋਂ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਚੋਣ ਨਿਸ਼ਾਨ ਝਾੜੂ ਅਤੇ ਕਾਂਗਰਸ ਦੇ ਮਸ਼ਹੂਰ ਦੁਪੱਟੇ ਤਕ ਦੇ ਸਾਰੇ ਚੋਣ ਸੰਬੰਧੀ ਉਤਪਾਦਾਂ ਦੀ ਪੇਸ਼ਕਸ਼ ਕਰ ਰਹੇ ਹਨ। ਕਿਸੇ ਵੀ ਈ-ਕਾਮਰਸ ਵੈੱਬਸਾਈਟ ’ਤੇ ਕਿਸੇ ਵੀ ਸਿਆਸੀ ਪਾਰਟੀ ਦਾ ਨਾਮ ਦਰਜ ਕਰੋ ਅਤੇ ਝੰਡੇ ਤੋਂ ਲੈ ਕੇ ਪੈਂਡੈਂਟ ਅਤੇ ਪੈੱਨ ਤਕ ਕਈ ਤਰ੍ਹਾਂ ਦੀਆਂ ਚੀਜ਼ਾਂ ਪੇਜ ’ਤੇ ਆ ਜਾਣਗੀਆਂ। 

ਇਕ ਈ-ਕਾਮਰਸ ਮੰਚ ਦੇ ਇਕ ਨੁਮਾਇੰਦੇ ਨੇ ਕਿਹਾ ਇਹ ਰੁਝਾਨ ਸ਼ੁਰੂ ਵਿਚ 2019 ਦੀਆਂ ਚੋਣਾਂ ਦੌਰਾਨ ਵੀ ਸਾਹਮਣੇ ਆਇਆ ਸੀ ਜਦੋਂ ਈ-ਕਾਮਰਸ ਮੰਚ ਪ੍ਰਚਾਰ ਵਸਤੂਆਂ ਅਤੇ ਉਪਕਰਣਾਂ ਲਈ ਤਰਜੀਹੀ ਸਥਾਨ ਬਣ ਗਏ ਸਨ। ਉਨ੍ਹਾਂ ਕਿਹਾ, ‘‘ਜਦੋਂ ਸੱਭ ਕੁੱਝ ਆਨਲਾਈਨ ਵੇਚਿਆ ਜਾਂਦਾ ਹੈ, ਤਾਂ ਇਹ ਕਿਉਂ ਨਹੀਂ।... ਅਤੇ ਵਿਕਰੀਕਰਤਾ ਹੀ ਇਸ ਨੂੰ ਸਾਡੇ ਮੰਚ ’ਤੇ ਪਾਉਂਦੇ ਹਨ ਅਤੇ ਈ-ਕਾਮਰਸ ਵੈਬਸਾਈਟਾਂ ਨੂੰ ਸਿਰਫ ਇਹ ਜਾਂਚ ਕਰਨੀ ਪੈਂਦੀ ਹੈ ਕਿ ਇਹ ਨਿਯਮਾਂ ਦੀ ਪਾਲਣਾ ਕਰਦਾ ਹੈ ਜਾਂ ਨਹੀਂ।’’

ਜ਼ਿਕਰਯੋਗ ਹੈ ਕਿ ਕੁੱਝ ਸਿਆਸੀ ਪਾਰਟੀਆਂ ਖੁਦ ਅਪਣੀਆਂ ਵੈੱਬਸਾਈਟਾਂ ’ਤੇ ਅਜਿਹੀਆਂ ਚੀਜ਼ਾਂ ਵੇਚਣ ਲਈ ਸਰਗਰਮ ਹਨ। ਉਦਾਹਰਣ ਵਜੋਂ ‘ਨਮੋ’ ਮਰਚੈਂਡਾਈਜ਼ ਵੈੱਬਸਾਈਟ ’ਤੇ ਟੀ-ਸ਼ਰਟਾਂ, ਮਗ, ਨੋਟਬੁੱਕ, ਬੈਜ, ਰਿਸਟਬੈਂਡ, ਕੀਰਿੰਗ, ਸਟਿੱਕਰ, ਮੈਗਨੈਟ, ਟੋਪੀ ਅਤੇ ਪੈੱਨ ਵਰਗੇ ਉਤਪਾਦਾਂ ਦੀ ਵਿਆਪਕ ਲੜੀ ਹੈ ਜੋ ‘ਮੋਦੀ ਕਾ ਪਰਵਾਰ’, ‘ਫਿਰ ਇਕ ਬਾਰ ਮੋਦੀ ਸਰਕਾਰ’, ‘ਮੋਦੀ ਕੀ ਗਾਰੰਟੀ’ ਅਤੇ ‘ਮੋਦੀ ਹੈ ਤੋ ਮੁਮਕਿਨ ਹੈ’ ਵਰਗੇ ਨਾਅਰਿਆਂ ਨਾਲ ਸਜੇ ਹੋਏ ਹਨ।

ਇਸ ਰੁਝਾਨ ’ਤੇ ਐਮਾਜ਼ਾਨ ਇੰਡੀਆ ਅਤੇ ਫਲਿੱਪਕਾਰਟ ਤੋਂ ਜਵਾਬ ਮੰਗਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਮਿਲਿਆ। ਹਾਲਾਂਕਿ ਈ-ਕਾਮਰਸ ਮੰਚ ’ਤੇ ਇਨ੍ਹਾਂ ਚੀਜ਼ਾਂ ਦੇ ਸਪਲਾਇਰਾਂ ’ਚੋਂ ਇਕ ਨੇ ਪ੍ਰਗਟਾਵਾ ਕੀਤਾ ਕਿ ਲੋਕ ਸਭਾ ਚੋਣਾਂ ’ਚ ਅਜਿਹੀਆਂ ਚੀਜ਼ਾਂ ਦੀ ਆਨਲਾਈਨ ਵਿਕਰੀ ’ਚ ਵਾਧਾ ਹੋਇਆ ਹੈ। ਸਪਲਾਇਰ ਨੇ ਕਿਹਾ, ‘‘ਪਹਿਲਾਂ, ਸਾਡੀ ਸਪਲਾਈ ਦੁਕਾਨਾਂ ਨੂੰ ਸੀ, ਪਰ ਆਨਲਾਈਨ ਪ੍ਰਚੂਨ ਮੰਚ ਵਲ ਝੁਕਾਅ ਨੂੰ ਵੇਖਦੇ ਹੋਏ, ਸਾਨੂੰ ਇਸ ਨੂੰ ਅਪਣਾਉਣਾ ਠੀਕ ਲੱਗਿਆ।’’ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ ਸੱਤ ਪੜਾਵਾਂ ’ਚ ਹੋਣੀਆਂ ਹਨ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।