ਭਾਰਤ ਵਿਚ ਯੂਰੀਆ ਦਾ ਉਤਪਾਦਨ ਸਮਰਥਾ ਤੋਂ ਹੋਇਆ ਅੱਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਛਮੀ  ਏਸ਼ੀਆ ਤਣਾਅ ਕਾਰਨ ਗੈਸ ਸਪਲਾਈ ਪ੍ਰਭਾਵਤ 

Urea production in India is half of its capacity

ਨਵੀਂ ਦਿੱਲੀ, : ਭਾਰਤ ਦੇ ਯੂਰੀਆ ਪਲਾਂਟ ਇਸ ਵੇਲੇ ਸਿਰਫ਼ ਅੱਧੀ ਸਮਰੱਥਾ ਉਤੇ  ਚੱਲ ਰਹੇ ਹਨ ਕਿਉਂਕਿ ਪਛਮੀ  ਏਸ਼ੀਆ ਵਿਚ ਵਧ ਰਹੇ ਤਣਾਅ ਕਾਰਨ ਐਲ.ਐਨ.ਜੀ. ਸਪਲਾਈ ਰੁਕ ਗਈ ਹੈ। ਪੈਟਰੋਨੈਟ ਐਲ.ਐਨ.ਜੀ. ਲਿਮਿਟੇਡ ਨੇ ‘ਫੋਰਸ ਮਜੇਅਰ’ ਦਾ ਐਲਾਨ ਕੀਤਾ ਹੈ, ਜਿਸ ਨਾਲ ਗੈਸ ਦੀ ਆਮ ਸਪਲਾਈ 60-65 ਫੀ ਸਦੀ  ਤਕ  ਘੱਟ ਗਈ ਹੈ।

ਇਕ  ਸੀਨੀਅਰ ਉਦਯੋਗ ਅਧਿਕਾਰੀ ਨੇ ਕਿਹਾ, ‘‘ਜਦੋਂ ਪਿਛਲੇ ਛੇ ਮਹੀਨਿਆਂ ਦੇ ਸ਼ਡਿਊਲ ਟਰਨਅਰਾਊਂਡ ਨੂੰ ਵੀ ਜੋੜਿਆ ਜਾਵੇ ਤਾਂ ਕੁੱਝ  ਯੂਨਿਟਾਂ ਵਿਚ ਸਪਲਾਈ 50 ਫੀ ਸਦੀ  ਤੋਂ ਵੀ ਘੱਟ ਰਹਿ ਗਈ ਹੈ।’’

ਇਸ ਕਾਰਨ ਯੂਰੀਆ ਉਤਪਾਦਨ ਵਿਚ ਵੀ ਲਗਭਗ 50 ਫੀ ਸਦੀ  ਦੀ ਕਮੀ ਆਈ ਹੈ। ਪਲਾਂਟ ਅਧਿਕਾਰੀਆਂ ਦੇ ਮੁਤਾਬਕ, ਘੱਟ ਲੋਡ ਉਤੇ  ਚੱਲ ਰਹੇ ਵੱਡੇ ਐਮੋਨੀਆ-ਯੂਰੀਆ ਟ੍ਰੇਨਜ਼ ਦੀ ਥਰਮਲ ਕਾਰਗੁਜ਼ਾਰੀ ਬਹੁਤ ਘੱਟ ਹੋ ਗਈ ਹੈ। ਇਕ  ਪਲਾਂਟ ਮੈਨੇਜਰ ਨੇ ਕਿਹਾ, ‘‘ਇਸ ਤਰ੍ਹਾਂ ਦੇ ਹਾਲਾਤ ਵਿਚ ਘੱਟ ਖਾਦ ਬਣਾਉਣ ਲਈ ਵੱਧ ਊਰਜਾ ਖਰਚਣੀ ਪੈਂਦੀ ਹੈ, ਜੋ ਸਿੱਧਾ ਵਿੱਤੀ ਨੁਕਸਾਨ ਹੈ।’’

ਖਾਦ ਕੰਪਨੀਆਂ ਨੇ ਇਹ ਵੀ ਦਸਿਆ  ਕਿ ਗੈਸ ਖਪਤ ਦੇ ਹੁਕਮ ਕਈ ਵਾਰ ਰਾਤ ਦੇ ਵੇਲੇ ਮਿਲਦੇ ਹਨ, ਜਿਸ ਨਾਲ ਪਲਾਂਟ ਮੈਨੇਜਰਾਂ ਨੂੰ ਅਚਾਨਕ ਲੋਡ ਬਦਲਣਾ ਪੈਂਦਾ ਹੈ। ਇਕ  ਹੋਰ ਅਧਿਕਾਰੀ ਨੇ ਚੇਤਾਵਨੀ ਦਿਤੀ , ‘‘ਇਹ ਅਚਾਨਕ ਬਦਲਾਅ ਵੱਡੇ ਪਲਾਂਟਾਂ ਲਈ ਸੰਭਵ ਨਹੀਂ ਹੁੰਦੇ। ਇਸ ਨਾਲ ਸਾਜ਼ੋ-ਸਾਮਾਨ ਖਰਾਬ ਹੋ ਸਕਦਾ ਹੈ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਵੀ ਖਤਰਾ ਹੈ।’’

ਇਸ ਤੋਂ ਇਲਾਵਾ, ਗੈਸ ਦੀ ਕੀਮਤਾਂ ਵਿਚ ਵੀ ਅਸਪਸ਼ਟਤਾ ਆ ਗਈ ਹੈ। ਜੀ.ਏ.ਆਈ.ਐਲ. ਨੇ 15 ਮਾਰਚ ਨੂੰ ਖਾਦ ਕੰਪਨੀਆਂ ਨੂੰ ਚਿੱਠੀ ਭੇਜ ਕੇ ਦਸਿਆ  ਕਿ ਆਰ.ਐਲ.ਐਨ.ਜੀ. ਦੀ ਕੀਮਤ ਹੁਣ ਕਈ ਪੱਧਰਾਂ ਉਤੇ  ਲਾਗੂ ਹੋਵੇਗੀ, ਜਿਸ ਨਾਲ ਵਿੱਤੀ ਅਣਿਸ਼ਚਿਤਤਾ ਹੋਰ ਵਧ ਗਈ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਘਾਟ ਲੰਮੇ  ਸਮੇਂ ਤਕ  ਰਹਿੰਦੀ ਹੈ ਤਾਂ ਆਉਣ ਵਾਲੇ ਖਰੀਫ਼ ਸੀਜ਼ਨ ਲਈ ਖਾਦ ਦੀ ਉਪਲਬਧਤਾ ਪ੍ਰਭਾਵਤ  ਹੋ ਸਕਦੀ ਹੈ। ਹਾਲਾਂਕਿ, 19 ਮਾਰਚ ਤਕ  ਭਾਰਤ ਕੋਲ 61.14 ਲੱਖ ਟਨ ਯੂਰੀਆ ਦਾ ਸਟਾਕ ਮੌਜੂਦ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਵੱਧ ਹੈ।