ਕਰਨਾਟਕ ਵਿਧਾਨ ਸਭਾ ਚੋਣ : ਸਿਧਰਮਈਆ ਅਤੇ ਯੇਦੀਯੁਰੱਪਾ ਇਕੋ ਹਲਕੇ ਤੋਂ ਲੜਨਗੇ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਆਪੋ-ਅਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਭਾਜਪਾ ਅਤੇ ਕਾਂਗਰਸ ਦੋਹੇ ਪਾਰਟੀਆਂ ਵਲੋਂ ਅੱਡੀ ਚੋਟੀ ਦਾ...

karnataka elections : siddaramaiah vs yeddyurappa from badami

ਨਵੀਂ ਦਿੱਲੀ : ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਆਪੋ-ਅਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਭਾਜਪਾ ਅਤੇ ਕਾਂਗਰਸ ਦੋਹੇ ਪਾਰਟੀਆਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕਾਂਗਰਸ ਜਨਰਲ ਸਕੱਤਰ ਵੇਣੂਗੋਪਾਲ ਰਾਓ ਦੇ ਬਿਆਨਾਂ ਨਾਲ ਜੋ ਕਿਆਸ ਅਰਾਈਆਂ ਦਾ ਬਜ਼ਾਰ ਗਰਮ ਹੋਇਆ ਸੀ ਉਹ ਹਕੀਕਤ ਵਿਚ ਬਦਲ ਰਿਹਾ ਹੈ। ਤੈਅ ਹੋ ਗਿਆ ਹੈ ਕਿ ਮੁੱਖ ਮੰਤਰੀ ਸਿਧਰਮਈਆ ਅਤੇ ਭਾਜਪਾ ਦੇ ਦਿੱਗਜ਼ ਲਿੰਗਾਯਤ ਨੇਤਾ ਬੀਐਸ ਯੇਦੀਯੁਰੱਪਾ ਬਾਦਾਮੀ ਹਲਕੇ ਤੋਂ ਇਕ ਦੂਜੇ ਵਿਰੁਧ ਚੋਣ ਲੜਨਗੇ। 

ਕਰਨਾਟਕ ਦੇ ਮੁੱਖ ਮੰਤਰੀ ਸਿਧਰਮਈਆ ਅਪਣੀ ਰਵਾਇਤੀ ਸੀਟ ਚਾਮੁੰਡੇਸ਼ਵਰੀ ਦੇ ਨਾਲ-ਨਾਲ ਉਤਰ ਕਰਨਾਟਕ ਵਿਚ ਬਾਗਲਕੋਟ ਦੇ ਬਾਦਾਮੀ ਹਲਕੇ ਤੋਂ ਵੀ ਚੋਣ ਲੜਨਗੇ। ਕਰਨਾਟਕ ਕਾਂਗਰਸ ਇੰਚਾਰਜ ਵੇਣੂਗੋਪਾਲ ਰਾਓ ਨੇ ਕਿਹਾ ਕਿ ਉਤਰ ਕਰਨਾਟਕ ਦੇ ਲੋਕਾਂ ਦੇ ਦਬਾਅ ਦੀ ਵਜ੍ਹਾ ਕਰਕੇ ਅਸੀਂ ਸਿਧਰਮਈਆ ਨੂੰ ਬਾਦਾਮੀ ਖੇਤਰ ਤੋਂ ਚੋਣ ਲੜਵਾਉਣਾ ਚਾਹੁੰਦੇ ਸੀ ਪਰ ਹੁਣ ਅਮਿਤ ਸ਼ਾਹ ਨੇ ਕਿਹਾ ਹੈ ਕਿ ਚਲੋ ਲੜਵਾਓ ਯੇਦੀਯੁਰੱਪਾ ਨੂੰ। 

ਸਿਆਸੀ ਬਿਆਨਬਾਜ਼ੀ ਤੋਂ ਹਟ ਕੇ ਵੀ ਜੇਕਰ ਦੇਖਿਆ ਜਾਵੇ ਤਾਂ ਸੱਚ ਇਹ ਹੈ ਕਿ ਇਸ ਵਾਰ ਚਾਮੁੰਡੇਸ਼ਵਰੀ ਵਿਚ ਮੁੱਖ ਮੰਤਰੀ ਦੀਆਂ ਚੁਣੌਤੀਆਂ ਕਾਫ਼ੀ ਵਧ ਗਈਆਂ ਹਨ ਅਤੇ ਇਸ ਦੀ ਵਜ੍ਹਾ ਕੁਰਬਯਾ ਨੇਤਾ ਐਚ ਵਿਸ਼ਵਨਾਥ ਦੀ ਸਿਧਰਮਈਆ ਵਿਰੁਧ ਬਗ਼ਾਵਤ, ਦਲਿਤ ਨੇਤਾ ਸ੍ਰੀਨਿਵਾਸ ਪ੍ਰਸਾਦ ਦਾ ਕਾਂਗਰਸ ਛੱਡਣਾ ਅਤੇ ਜੇਡੀਐਸ ਅਤੇ ਭਾਜਪਾ ਦਾ ਉਨ੍ਹਾਂ ਵਿਰੁਧ ਲਾਮਬੰਦ ਹੋਣਾ ਹੈ।

ਚਾਮੁੰਡੇਸ਼ਵਰੀ ਵਿਧਾਨ ਸਭਾ ਖੇਤਰ ਵਿਚ ਲਿੰਗਾਇਤਾਂ ਦੀਆਂ ਵੋਟਾਂ ਲਗਭਗ 25 ਹਜ਼ਾਰ, ਵੋਕਲੀਗਾ 70 ਹਜ਼ਾਰ, ਕੋਰਬਾ 40 ਹਜ਼ਾਰ, ਅਨੁਸੂਚਿਤ ਜਨਜਾਤੀ 38 ਹਜ਼ਾਰ, ਬ੍ਰਾਹਮਣ 15 ਹਜ਼ਾਰ, ਮੁਸਲਿਮ 5 ਹਜ਼ਾਰ ਅਤੇ ਦੂਜੇ ਲੋਕ ਲਗਭਗ 40 ਹਜ਼ਾਰ ਹਨ। ਇਸੇ ਤਰ੍ਹਾਂ ਬਾਦਾਮੀ ਵਿਧਾਨ ਸਭਾ ਹਲਕੇ ਵਿਚ ਮੁੱਖ ਮੰਤਰੀ ਸਿਧਰਮਈਆ ਦੀ ਜਾਤੀ ਕੋਰਬਾ ਦੇ ਲੋਕ 45 ਹਜ਼ਾਰ, ਅਨੁਸੂਚਿਤ ਜਨਜਾਤੀ 30 ਹਜ਼ਾਰ, ਲਿੰਗਾਯਤ 60 ਹਜ਼ਾਰ, ਦਲਿਤ 20 ਹਜ਼ਾਰ, ਮੁਸਲਿਮ 15 ਹਜ਼ਾਰ, ਬੁਣਕਰ 15 ਹਜ਼ਾਰ, ਰੈਡੀ 10 ਹਜ਼ਾਰ ਅਤੇ ਦੂਜੇ ਲੋਕ 20 ਹਜ਼ਾਰ ਦੇ ਕਰੀਬ ਹਨ।