ਵਧਦੀ ਜਨਸੰਖਿਆ ਪ੍ਰਤੀ 21 ਸਾਲ ਤੋਂ ਅਨੋਖੇ ਤਰੀਕੇ ਨਾਲ ਜਾਗਰੂਕ ਕਰ ਰਿਹੈ ਜੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਤਕ ਦੇਸ਼ ਦੇ 140 ਸ਼ਹਿਰਾਂ ਦੀ ਕਰ ਚੁੱਕੇ ਨੇ ਪੈਦਲ ਯਾਤਰਾ

Awakening a couple for 21 years for increasing population

ਮੇਰਠ- ਇਸ ਵਿਚ ਕੋਈ ਸ਼ੱਕ ਨਹੀਂ ਕਿ ਦੇਸ਼ ਵਿਚ ਵਧ ਰਹੀ ਜਨ ਸੰਖਿਆ ਵੱਡੀਆਂ ਸਮੱਸਿਆਵਾਂ ਦਾ ਕਾਰਨ ਬਣ ਰਹੀ ਹੈ, ਭਾਵੇਂ ਕਿ ਸਰਕਾਰ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਾਫ਼ੀ ਉਪਰਾਲੇ ਕੀਤੇ ਜਾ ਰਹੇ ਹਨ ਪਰ ਮੇਰਠ ਦੇ ਇਕ ਜੋੜੇ ਵਲੋਂ ਪਿਛਲੇ 21 ਸਾਲਾਂ ਤੋਂ ਲਗਾਤਾਰ ਵਧਦੀ ਜਾ ਰਹੀ ਜਨਸੰਖਿਆ ਦੀ ਸਮੱਸਿਆ ਨੂੰ ਲੈ ਕੇ ਅਨੋਖੇ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਦਰਅਸਲ ਦਿਨੇਸ਼ ਤਲਵਾਰ ਨਾਂ ਦਾ ਵਿਅਕਤੀ ਸੰਦੇਸ਼ ਲਿਖੀ ਹੋਈ ਤਖ਼ਤੀ ਗਲ਼ ਵਿਚ ਲਟਕਾ ਕੇ ਉਲਟਾ ਚੱਲਦਾ ਹੈ ਤੇ ਉਸ ਦੀ ਪਤਨੀ ਦਿਸ਼ਾ ਸਿੱਧੀ ਚੱਲਦੀ ਹੋਈ ਉਸ ਨੂੰ ਰਾਹ ਦਿਖਾਉਂਦੀ ਹੈ ਹੁਣ ਤਕ ਉਹ 140 ਸ਼ਹਿਰਾਂ ਦੀ ਪੈਦਲ ਯਾਤਰਾ ਕਰ ਚੁੱਕੇ ਹਨ।

ਬੀਤੇ ਦਿਨ ਇਹ ਜੋੜਾ ਪੰਜਾਬ ਦੇ ਲੁਧਿਆਣਾ ਵਿਚ ਪਹੁੰਚਿਆ। ਦਿਨੇਸ਼ ਤਲਵਾਰ ਦਾ ਕਹਿਣਾ ਹੈ ਕਿ ਉਨ੍ਹਾਂ 1994 ਵਿਚ ਜਨਸੰਖਿਆ ਕੰਟਰੋਲ ਬਾਰੇ ਕੰਮ ਕਰਨ ਦਾ ਮਨ ਬਣਾਇਆ ਸੀ। ਪ੍ਰਧਾਨ ਮੰਤਰੀ, ਕਈ ਸਿਆਸੀ ਪਾਰਟੀਆਂ ਤੇ ਮੁੱਖ ਮੰਤਰੀਆਂ ਨੂੰ ਚਿੱਠੀਆਂ ਲਿਖੀਆਂ। ਰੈਲੀਆਂ ਤੇ ਜਲੂਸ ਵੀ ਕੱਢੇ। 1998 ਵਿਚ ਉਸ ਦਾ ਦਿਸ਼ਾ ਤਲਵਾਰ ਨਾਲ ਵਿਆਹ ਹੋ ਗਿਆ ਤੇ ਉਹ ਵੀ ਉਸ ਦੇ ਅਭਿਆਨ ਵਿਚ ਸ਼ਾਮਲ ਹੋ ਗਈ। ਉਨ੍ਹਾਂ ਦੇ ਧੀ ਤੇ ਪੁੱਤ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ। ਦਿਸ਼ਾ ਤਲਵਾਰ ਨੇ ਦੱਸਿਆ ਕਿ ਪਹਿਲਾਂ ਤਾਂ ਦੋਵੇਂ ਜਣਿਆਂ ਨੂੰ ਸੜਕ 'ਤੇ ਇਵੇਂ ਚੱਲਣਾ ਬੜਾ ਅਜ਼ੀਬ ਲੱਗਦਾ ਸੀ ਪਰ ਉਨ੍ਹਾਂ ਕਿਹਾ ਕਿ ਇਸ ਪਿੱਛੇ ਵੱਡਾ ਮਕਸਦ ਜੁੜਿਆ ਹੋਇਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਦਫ਼ਤਰ ਨੂੰ ਹੁਣ ਤਕ ਸੈਂਕੜੇ ਚਿੱਠੀਆਂ ਭੇਜ ਚੁੱਕੇ ਹਨ ਪਰ ਹਾਲੇ ਤਕ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿਤਾ ਗਿਆ। ਸਮੱਸਿਆ ਇਹ ਹੈ ਕਿ ਭਾਰਤ ਵਿਚ ਜਨਸੰਖਿਆ ਕੰਟਰੋਲ ਰਾਸ਼ਟਰੀ ਦੀ ਬਜਾਏ ਧਾਰਮਿਕ ਮੁੱਦਾ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਵਿਚ ਮਦਦ ਲਈ ਉਨ੍ਹਾਂ ਕਈ ਧਰਮ ਗੁਰੂਆਂ ਨੂੰ ਵੀ ਚਿੱਠੀਆਂ ਲਿਖੀਆਂ ਪਰ ਅਫ਼ਸੋਸ ਕੋਈ ਵੀ ਅੱਗੇ ਨਹੀਂ ਆਇਆ ਪਰ ਉਨ੍ਹਾਂ ਨੇ ਆਪਣਾ ਅਭਿਆਨ ਵਿੱਢਿਆ ਹੋਇਆ ਹੈ। ਦੇਖੋ ਵੀਡੀਓ..........